- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਟਰਾਟੈਕ ਸੀਮੈਂਟ ਵੱਲੋਂ ਪੜਿਆਣਾ ਪਿੰਡ ਵਿੱਚ ਕੰਬਲ ਵੰਡ ਸਮਾਰੋਹ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਅਲਟਰਾਟੈੱਕ ਕਮਿਊਨਿਟੀ ਵੈਲਫੇਅਰ ਫਾਊਂਡੇਸ਼ਨ ਤੇ ਅਲਟਰਾਟੈੱਕ ਸੀਮੈਂਟ ਲਿਮਟਿਡ ਦੀ ਇਕਾਈ ਬਘੇਰੀ ਸੀਮੈਂਟ ਵਰਕਸ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਤਹਿਤ ਪਿੰਡ ਪੜਿਆਣਾ ਵਿਖੇ ਲੋੜਵੰਦ ਔਰਤਾਂ ਤੇ ਮਰਦਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਇਕਾਈ ਮੁਖੀ ਅਮਿਤ ਦੁਬੇ ਤੇ ਲੇਡੀਜ਼ ਕਲੱਬ ਦੀ ਪ੍ਰਧਾਨ ਸ੍ਰੀਮਤੀ ਕੰਚਨ ਦੁਬੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਲੋੜਵੰਦਾਂ ਨੂੰ ਕੰਬਲ ਤਕਸੀਮ ਕੀਤੇ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਮਕਸਦ ਵਧ ਰਹੀ ਠੰਢ ਦੇ ਮੌਸਮ ’ਚ ਲੋੜਵੰਦ ਪਰਿਵਾਰਾਂ ਨੂੰ ਰਾਹਤ ਪਹੁੰਚਾਉਣਾ ਤੇ ਸਮਾਜ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਉਣਾ ਹੈ।
ਕੰਪਨੀ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਲਟਰਾਟੈੱਕ ਸੀਮੈਂਟ ਵੱਲੋਂ ਸੀਐੱਸਆਰ. ਗਤੀਵਿਧੀਆਂ ਤਹਿਤ ਆਲੇ-ਦੁਆਲੇ ਦੇ ਪਿੰਡਾਂ ’ਚ ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਕਾਰਜ ਲਗਾਤਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਤੇ ਲੋਕ ਭਲਾਈ ਦੇ ਕਾਰਜਾਂ ਰਾਹੀਂ ਉਨ੍ਹਾਂ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ।
ਇਸ ਮੌਕੇ ਮਨੁੱਖੀ ਸਰੋਤ ਵਿਭਾਗ ਦੇ ਮੁਖੀ ਹੇਮੰਤ ਸ਼ਰਮਾ, ਤਕਨੀਕੀ ਮੁਖੀ ਸੰਦੀਪ ਭਦੌਰੀਆ, ਵਿੱਤ ਵਿਭਾਗ ਦੇ ਮੁਖੀ ਰਿਤੇਸ਼ ਸੋਮਾਨੀ, ਰਮੇਸ਼ ਯਾਦਵ, ਸਤਵੀਰ ਬਾਬਾ ਤੇ ਨਿਸ਼ਾ ਰਾਣੀ ਸਮੇਤ ਪਿੰਡ ਪੜਿਆਣਾ ਦੇ ਕਈ ਪਤਵੰਤੇ ਸੱਜਣ ਹਾਜ਼ਰ ਸਨ।