ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Publish Date: Sun, 29 Nov 2026 06:28 PM (IST)
Updated Date: Sun, 29 Nov 2026 06:29 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੰਗਲ ਨੇੜਲੇ ਪਿੰਡ ਭਲਾਣ ਦੇ ਗੁਰਦੁਆਰਾ ਸ੍ਰੀ ਦਸਮੇਸ਼ ਗੜ੍ਹ ਸਾਹਿਬ ਤੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਮਨੁੱਖਤਾ ਦੇ ਰਹਿਬਰ ਤੇ ਯੁਗੋ-ਯੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ ਇਸ ਨਗਰ ਕੀਰਤਨ ’ਚ ਇਲਾਕੇ ਭਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਗੁਰਦੁਆਰਾ ਸ੍ਰੀ ਦਸਮੇਸ਼ ਗੜ੍ਹ ਸਾਹਿਬ (ਭਲਾਣ) ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਐਲਗਰਾਂ, ਮਜਾਰਾ, ਭਨਾਮ, ਪਲਾਸੀ, ਪੱਸੀਵਾਲ, ਗੋਹਲਣੀ, ਭੱਟੋਂ, ਸੰਗਤਪੁਰ, ਕੁਲਗਰਾਂ, ਮਜਾਰੀ, ਭੱਲੜੀ ਤੇ ਨਾਨਗਰਾਂ ਆਦਿ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਮੁੜ ਗੁਰਦੁਆਰਾ ਸ੍ਰੀ ਦਸਮੇਸ਼ ਗੜ੍ਹ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜੀ ਹੋਈ ਸੁੰਦਰ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ ਗਿਆ ਸੀ। ਨਗਰ ਕੀਰਤਨ ਦੌਰਾਨ ਗੱਤਕਾ ਟੀਮਾਂ ਵੱਲੋਂ ਖ਼ਾਲਸਾਈ ਸ਼ਸਤਰ ਵਿੱਦਿਆ (ਗੱਤਕੇ) ਦੇ ਹੈਰਤਅੰਗੇਜ਼ ਜੌਹਰ ਦਿਖਾਏ ਗਏ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਬੈਂਡ ਦੀਆਂ ਮਨਮੋਹਕ ਧੁਨਾਂ ਵਜਾਈਆਂ ਗਈਆਂ ਤੇ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਮਾਹੌਲ ਨੂੰ ਪੂਰੀ ਤਰ੍ਹਾਂ ਭਗਤੀਮਈ ਬਣਾ ਦਿੱਤਾ ਗਿਆ। ਰਸਤੇ ’ਚ ਪੈਂਦੇ ਸਾਰੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਤੇ ਥਾਂ-ਥਾਂ ਗੁਰੂ ਕੇ ਲੰਗਰ ਤੇ ਪ੍ਰਸ਼ਾਦ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ਗੁਰਦੁਆਰਾ ਸ੍ਰੀ ਦਸਮੇਸ਼ ਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਉਪ-ਸਕੱਤਰ ਕਰਨੈਲ ਸਿੰਘ, ਖ਼ਜ਼ਾਨਚੀ ਸੂਬੇਦਾਰ ਕੁਲਵੰਤ ਸਿੰਘ, ਮੈਂਬਰ ਹਰਬੰਸ ਸਿੰਘ, ਸੁਰਿੰਦਰ ਸਿੰਘ, ਮੋਹਣ ਸਿੰਘ, ਹਰਜਾਪ ਸਿੰਘ ਭਾਲੜੂ, ਸਰਬਣ ਸਿੰਘ, ਜਗਤਾਰ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ ਫ਼ੌਜੀ, ਰਾਕੇਸ਼ ਵਰਮਾ, ਦੀਪ ਸਿੰਘ ਪੰਚ, ਜਸਬੀਰ ਸਿੰਘ ਤੇ ਬਲਮ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।