ਨਾਜਾਇਜ਼ ਮਾਈਨਿੰਗ ਦਾ ਮਾਮਲਾ : ਜਾਣਕਾਰੀ ਸਾਂਝੀ ਕਰਨ ਤੋਂ ਵੀ ਟਾਲ਼ਾ ਵੱਟ ਰਹੀ ਹੈ ਪੁਲਿਸ ਹੁਣ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਦੇਣ ਤੋਂ ਵੀ ਭੱਜ ਰਹੀ ਹੈ ਪੁਲਿਸ
Publish Date: Sun, 29 Nov 2026 06:26 PM (IST)
Updated Date: Sun, 29 Nov 2026 06:28 PM (IST)
ਐੱਸਡੀਐੱਮ ਨੰਗਲ ਆਪ ਹੋਏ ਅੱਗੇ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨਵੇਂ ਆਏ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਰਤੀ ਜਾ ਰਹੀ ਸਖ਼ਤੀ ਤੋਂ ਬਾਅਦ ਹੁਣ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਐਕਸ਼ਨ ਮੋਡ ’ਚ ਨਜ਼ਰ ਆ ਰਿਹਾ ਹੈ। ਐੱਸਡੀਐੱਮ ਨੰਗਲ ਸ਼ਿਵਾਸ ਰਾਠੀ ਵੱਲੋਂ ਖ਼ੁਦ ਅੱਗੇ ਹੋ ਕੇ ਮਾਈਨਿੰਗ ਰੋਕਣ ਲਈ ਕੀਤੀ ਜਾ ਰਹੀ ਛਾਪੇਮਾਰੀ ਤੋਂ ਇਲਾਕਾ ਨਿਵਾਸੀਆਂ ਨੂੰ ਆਸ ਬੱਝੀ ਹੈ ਕਿ ਹੁਣ ਨਾਜਾਇਜ਼ ਮਾਈਨਿੰਗ ਨੂੰ ਠੱਲ੍ਹ ਪਵੇਗੀ, ਪਰ ਦੂਜੇ ਪਾਸੇ ਸਥਾਨਕ ਪੁਲਿਸ ਦਾ ਵਤੀਰਾ ਅਜੇ ਵੀ ਸਵਾਲਾਂ ਦੇ ਘੇਰੇ ’ਚ ਹੈ। ਜਾਣਕਾਰੀ ਦੇਣ ਤੋਂ ਕੰਨੀ ਕਤਰਾਉਂਦੇ ਰਹੇ ਐੱਸਐੱਚਓ ਜਿਸ ਤਰ੍ਹਾਂ ਪਹਿਲਾਂ ਸਿਵਲ ਪ੍ਰਸ਼ਾਸਨ ਤੇ ਮਾਈਨਿੰਗ ਵਿਭਾਗ ਨੂੰ ਪੁਲਿਸ ਵੱਲੋਂ ਲੋੜੀਂਦਾ ਸਹਿਯੋਗ ਨਾ ਮਿਲਣ ਤੇ ਮੀਡੀਆ ਤੋਂ ਜਾਣਕਾਰੀ ਲੁਕਾਉਣ ਦੇ ਦੋਸ਼ ਲੱਗਦੇ ਰਹੇ ਹਨ, ਅਜਿਹਾ ਹੀ ਵਰਤਾਰਾ ਬੀਤੇ ਦਿਨ ਨਵ-ਨਿਯੁਕਤ ਐੱਸਐੱਚਓ. ਨੰਗਲ ਇੰਸਪੈਕਟਰ ਕੁਲਵੰਤ ਸਿੰਘ ਵੱਲੋਂ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ 28 ਨਵੰਬਰ ਦੀ ਰਾਤ ਨੂੰ ਐੱਸ.ਡੀ.ਐੱਮ. ਨੰਗਲ ਤੇ ਤਹਿਸੀਲਦਾਰ ਨੰਗਲ ਵੱਲੋਂ ਮਾਈਨਿੰਗ ਵਿਭਾਗ ਦੀ ਟੀਮ ਨਾਲ ਪਿੰਡ ਭਲਾਣ ਵਿਖੇ ਸਾਂਝਾ ਆਪਰੇਸ਼ਨ ਚਲਾ ਕੇ ਨਾਜਾਇਜ਼ ਮਾਈਨਿੰਗ ਕਰਦੀ ਮਸ਼ੀਨਰੀ ਕਾਬੂ ਕੀਤੀ ਗਈ ਸੀ। ਭਾਵੇਂ ਮਾਈਨਿੰਗ ਵਿਭਾਗ ਵੱਲੋਂ ਇਸ ਕਾਰਵਾਈ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਸੀ, ਪਰ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਐੱਸ.ਐੱਚ.ਓ. ਨੰਗਲ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਤੇ ਫੜੀ ਗਈ ਮਸ਼ੀਨਰੀ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਤੋਂ ਕਤਰਾਉਂਦੇ ਰਹੇ। ਜ਼ਿਕਰਯੋਗ ਹੈ ਕਿ ਪਿੰਡ ਭਲਾਣ ’ਚ ਪਹਿਲਾਂ ਵੀ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੁੰਦੀ ਰਹੀ ਹੈ ਤੇ ਉਸ ਸਮੇਂ ਵੀ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਦੇ ਰਹੇ ਸਨ। ਡੀ.ਐੱਸ.ਪੀ. ਨੰਗਲ ਨੇ ਦਿੱਤੀ ਕਾਰਵਾਈ ਦੀ ਪੂਰੀ ਜਾਣਕਾਰੀ ਜਦੋਂ ਐੱਸਐੱਚਓ ਨੰਗਲ ਵੱਲੋਂ ਕੋਈ ਸਪੱਸ਼ਟ ਜਵਾਬ ਨਾ ਮਿਲਿਆ ਤਾਂ ਇਸ ਸਬੰਧੀ ਡੀਐੱਸਪੀ ਨੰਗਲ ਨਵੀਨਪਾਲ ਸਿੰਘ ਲਹਿਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ ਕਿ ਐੱਸਡੀਐੱਮ ਨੰਗਲ, ਤਹਿਸੀਲਦਾਰ ਨੰਗਲ ਤੇ ਮਾਈਨਿੰਗ ਟੀਮ ਨੇ ਸਾਂਝੀ ਚੈਕਿੰਗ ਦੌਰਾਨ ਪਿੰਡ ਭਲਾਣ ਤੋਂ ਇੱਕ ਪੋਕਲੈਨ ਮਸ਼ੀਨ ਕਾਬੂ ਕੀਤੀ ਹੈ, ਜੋ ਨਾਜਾਇਜ਼ ਮਾਈਨਿੰਗ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਮਸ਼ੀਨ ਦਾ ਡਰਾਈਵਰ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਵੱਲੋਂ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਤੇ ਮਸ਼ੀਨਰੀ ਦੇ ਮਾਲਕਾਂ, ਚਾਲਕ ਤੇ ਸਬੰਧਤ ਜ਼ਮੀਨ ਦੇ ਮਾਲਕਾਂ ਖ਼ਿਲਾਫ਼ ਮਾਈਨਿੰਗ ਐਂਡ ਮਿਨਰਲ ਐਕਟ 1957 ਦੀ ਧਾਰਾ 21(1) ਤੇ 4(1) ਤਹਿਤ ਐੱਫ.ਆਈ.ਆਰ. ਨੰਬਰ 219 ਦਰਜ ਕਰਕੇ ਅਗਲੇਰੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।