ਲਾਪਰਵਾਹੀ ਦੀ ਹੱਦ: ਐੱਸਵਾਈਐੱਲ ਨਹਿਰ ਦੀਆਂ ਧਸੀਆਂ ਸਲੈਬਾਂ, ਪ੍ਰਸ਼ਾਸਨ ਬੇਖ਼ਬਰ ਸ਼੍ਰੀ ਕੀਰਤਪੁਰ ਸਾਹਿਬ ਤੋਂ ਭਗਵਾਲਾ ਵਿਚਕਾਰ ਐਸ ਵਾਈ ਐਲ ਨਹਿਰ ਦੀਆਂ ਸਲੈਬਾਂ ਧਸੀਆਂ ਪ੍ਰਸ਼ਾਸਨ ਬੇਖਬਰ
Publish Date: Sun, 29 Nov 2026 05:44 PM (IST)
Updated Date: Sun, 29 Nov 2026 05:46 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਨੰਗਲ ਤੋਂ ਲੋਹੰਡ ਖੱਡ ਤੱਕ ਜਾਂਦੀ ਐੱਸ.ਵਾਈ.ਐੱਲ. ਨਹਿਰ ਦੀਆਂ ਸ੍ਰੀ ਕੀਰਤਪੁਰ ਸਾਹਿਬ ਤੋਂ ਪਿੰਡ ਭਗਵਾਲਾ ਵਿਚਕਾਰ ਕਈ ਥਾਵਾਂ ਤੋਂ ਸਲੈਬਾਂ ਧਸ ਗਈਆਂ ਹਨ। ਇਸ ਕਾਰਨ ਨਹਿਰ ਦੇ ਕਿਨਾਰੇ ਲਗਾਤਾਰ ਕਮਜ਼ੋਰ ਹੋ ਰਹੇ ਹਨ, ਪਰ ਸਬੰਧਤ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਣ ਦੀ ਬਜਾਏ ਸ਼ਾਇਦ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਭਗਵਾਲਾ (ਵਾਰਡ ਨੰਬਰ 10, ਸ੍ਰੀ ਕੀਰਤਪੁਰ ਸਾਹਿਬ) ਦੇ ਐੱਮ.ਸੀ. ਜਗਤਾਰ ਸਿੰਘ ਸੈਣੀ ਤੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਨੇ ਦੱਸਿਆ ਕਿ ਐੱਸ.ਵਾਈ.ਐੱਲ. ਨਹਿਰ ਕਾਰਨ ਪਿੰਡ ਭਗਵਾਲਾ ਨੂੰ ਪਹਿਲਾਂ ਹੀ ਸੇਮ ਦੀ ਮਾਰ ਝੱਲਣੀ ਪੈ ਰਹੀ ਹੈ। ਭਾਵੇਂ ਵਿਭਾਗ ਵੱਲੋਂ ਕਈ ਵਾਰ ਪੰਪਾਂ ਰਾਹੀਂ ਸੇਮ ਦਾ ਪਾਣੀ ਕੱਢਿਆ ਗਿਆ ਹੈ, ਪਰ ਹੁਣ ਨਹਿਰ ਦੀਆਂ ਸਲੈਬਾਂ ਟੁੱਟਣ ਤੇ ਧਸਣ ਕਾਰਨ ਪਿੰਡ ਵਾਸੀਆਂ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਯਾਦ ਦਿਵਾਇਆ ਕਿ ਬਰਸਾਤਾਂ ਦੌਰਾਨ ਭਾਖੜਾ ਨਹਿਰ ਦੀਆਂ ਸਲੈਬਾਂ ਧਸਣ ਕਾਰਨ ਵੀ ਪੂਰਾ ਇਲਾਕਾ ਖ਼ਤਰੇ ’ਚ ਪੈ ਗਿਆ ਸੀ, ਪਰ ਵਿਭਾਗ ਹਮੇਸ਼ਾ ਹਾਦਸਾ ਵਾਪਰਨ ਤੋਂ ਬਾਅਦ ਹੀ ਹਰਕਤ ’ਚ ਆਉਂਦਾ ਹੈ। ਝੀਲ ਤੇ ਜੰਗਲ ਦਾ ਰੂਪ ਧਾਰ ਚੁੱਕੀਆਂ ਨੇ ਨਹਿਰਾਂ ਆਗੂਆਂ ਨੇ ਦੱਸਿਆ ਕਿ ਪਹਿਲਾਂ ਬਰਸਾਤਾਂ ਤੋਂ ਪਹਿਲਾਂ ਵਿਭਾਗ ਵੱਲੋਂ ਨਹਿਰ ਦੇ ਕੰਢਿਆਂ ’ਤੇ ਉੱਗੇ ਘਾਹ-ਬੂਟੀ ਤੇ ਦਰੱਖਤਾਂ ਦੀ ਸਫ਼ਾਈ ਕਰਵਾਈ ਜਾਂਦੀ ਸੀ। ਪਰ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਨਹਿਰਾਂ ਦੀ ਸਫ਼ਾਈ ਨਾ ਹੋਣ ਕਾਰਨ ਸਲੈਬਾਂ ਦੇ ਵਿਚਕਾਰ ਵੱਡੇ-ਵੱਡੇ ਦਰੱਖਤ ਉੱਗ ਆਏ ਹਨ, ਜਿਨ੍ਹਾਂ ਦੀਆਂ ਜੜ੍ਹਾਂ ਨਹਿਰ ਨੂੰ ਅੰਦਰੋਂ ਖੋਖਲਾ ਕਰ ਰਹੀਆਂ ਹਨ। ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਨੱਕੀਆਂ ਤੇ ਅੱਗੇ ਐੱਸ.ਵਾਈ.ਐੱਲ. ਨਹਿਰ ਦੇ ਕਿਨਾਰਿਆਂ ’ਤੇ ਉੱਗੀ ਸੰਘਣੀ ਬੂਟੀ ਕਾਰਨ ਨਹਿਰਾਂ ਨੇ ਇੱਕ ਝੀਲ ਤੇ ਜੰਗਲ ਦਾ ਰੂਪ ਧਾਰ ਲਿਆ ਹੈ। ਰਾਹਗੀਰਾਂ ਤੇ ਸਕੂਲੀ ਬੱਚਿਆਂ ਲਈ ਲੁੱਟ-ਖੋਹ ਦਾ ਖ਼ਤਰਾ ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨਹਿਰਾਂ ਦੀਆਂ ਪਟੜੀਆਂ ਤੋਂ ਰੋਜ਼ਾਨਾ ਸੈਂਕੜੇ ਸਕੂਲੀ ਬੱਚੇ, ਔਰਤਾਂ ਤੇ ਪਿੰਡ ਵਾਸੀ ਲੰਘਦੇ ਹਨ। ਕੰਢਿਆਂ ’ਤੇ ਉੱਗੇ ਸੰਘਣੇ ਜੰਗਲ ਕਾਰਨ ਨਸ਼ੇੜੀ ਤੇ ਸ਼ਰਾਰਤੀ ਅਨਸਰ ਇੱਥੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਕਿਉਂਕਿ ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਲੁਕਣ ਤੇ ਭੱਜਣ ਲਈ ਆਸਾਨੀ ਨਾਲ ਜਗ੍ਹਾ ਮਿਲ ਜਾਂਦੀ ਹੈ। ਵੱਡੇ ਨੁਕਸਾਨ ਦਾ ਖ਼ਦਸ਼ਾ ਤੇ ਪ੍ਰਸ਼ਾਸਨ ਨੂੰ ਅਪੀਲ ਇਲਾਕਾ ਨਿਵਾਸੀਆਂ ਅਨੁਸਾਰ ਜੇਕਰ ਇੱਕ ਸਲੈਬ ਟੁੱਟਦੀ ਹੈ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਨਾਲ ਲੱਗਦੀਆਂ ਸਲੈਬਾਂ ਵੀ ਖਿਸਕਣ ਲੱਗਦੀਆਂ ਹਨ। ਜੇਕਰ ਚੱਲਦੀ ਨਹਿਰ ’ਚ ਪਾੜ ਪੈਂਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਪਿੰਡ ਭਗਵਾਲਾ ਤੇ ਸ੍ਰੀ ਕੀਰਤਪੁਰ ਸਾਹਿਬ ਦੇ ਕਈ ਹਿੱਸਿਆਂ ਨੂੰ ਝੱਲਣਾ ਪਵੇਗਾ। ਅਖ਼ਬਾਰਾਂ ਤੇ ਸੋਸ਼ਲ ਮੀਡੀਆ ’ਤੇ ਵਾਰ-ਵਾਰ ਖ਼ਬਰਾਂ ਲੱਗਣ ਦੇ ਬਾਵਜੂਦ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਬੀਬੀਐੱਮਬੀ. ਤੇ ਸਬੰਧਤ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਨਹਿਰ ਦੀਆਂ ਟੁੱਟੀਆਂ ਸਲੈਬਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤੇ ਕੰਢਿਆਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ।