ਤਾਮਿਲਨਾਡੂ ’ਚ ਸਿੱਖ ਸ਼ਰਧਾਲੂਆਂ ਨੂੰ ਖਾਲਿਸਤਾਨੀ ਲਹਿਰ ਨਾਲ ਜੋੜਨ ’ਤੇ ਜੀਵਨ ਸਿੰਘ ਤਾਮਿਲ ਨੇ ਜਤਾਇਆ ਇਤਰਾਜ਼ ਤਾਮਿਲਨਾਡੂ ਵਿੱਚ ਗੁਰੂ ਨਾਨਕ ਦੇਵਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲੇ ਸਿੱਖਾਂ ਨੂੰ ਖਾਲਿਸਤਾਨੀ ਲਹਿਰ ਨਾਲ ਜੋੜਨ ’ਤੇ ਜੀਵਨ
Publish Date: Sun, 29 Nov 2026 05:08 PM (IST)
Updated Date: Sun, 29 Nov 2026 05:10 PM (IST)
ਸਿੱਖਾਂ ’ਤੇ ਨਜ਼ਰ ਰੱਖਣ ਦੇ ਬਿਆਨ ’ਤੇ ਵਿਜੇ ਸਰਕਾਰ ਨੂੰ ਘੇਰਿਆ, ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ’ਚ ਲਿਆਂਦਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਬਹੁਜਨ ਦ੍ਰਾਵਿੜ ਪਾਰਟੀ ਦੇ ਕੌਮੀ ਪ੍ਰਧਾਨ ਜੀਵਨ ਸਿੰਘ ਤਾਮਿਲ ਨੇ ਤਾਮਿਲਨਾਡੂ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ ਕਰ ਰਹੀ ਸਿੱਖ ਸੰਗਤ ਨੂੰ ਖਾਲਿਸਤਾਨੀ ਲਹਿਰ ਨਾਲ ਜੋੜਨ ਸਬੰਧੀ ਸਾਹਮਣੇ ਆਏ ਬਿਆਨਾਂ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਜੀਵਨ ਸਿੰਘ ਤਾਮਿਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਾਮਿਲ ਸਿੱਖ ਸੰਗਤ ਦਾ ਮਕਸਦ ਦੂਰ-ਦੁਰਾਡੇ ਦੇ ਅਜਿਹੇ ਪਛੜੇ ਪਿੰਡਾਂ ’ਚ ਗੁਰੂ ਨਾਨਕ ਦੇਵ ਜੀ ਦੇ ਬਰਾਬਰੀ ਅਤੇ ਮਨੁੱਖਤਾ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਸੀ, ਜਿੱਥੇ ਸੜਕ ਅਤੇ ਬਿਜਲੀ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਸਾਰੂ ਉਪਰਾਲੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ ਅਤੇ ਤਾਮਿਲ ਸਿੱਖਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੀਆਂ ਗੱਲਾਂ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਤਾਮਿਲਨਾਡੂ ’ਚ ਸਿੱਖੀ ਅਪਣਾਉਣ ਵਾਲਿਆਂ ’ਚ ਵਕੀਲ, ਡਾਕਟਰ ਅਤੇ ਇੰਜਨੀਅਰ ਸਮੇਤ ਪੜ੍ਹੇ-ਲਿਖੇ ਵਰਗ ਦੇ ਲੋਕ ਸ਼ਾਮਲ ਹਨ, ਜੋ ਜਾਤੀ ਵਿਤਕਰੇ ਦਾ ਸ਼ਿਕਾਰ ਲੋਕਾਂ ਤੱਕ ਸਵੈਮਾਣ ਅਤੇ ਬਰਾਬਰੀ ਦਾ ਸੁਨੇਹਾ ਪਹੁੰਚਾ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਖ਼ਲ ਦੀ ਮੰਗ ਜੀਵਨ ਸਿੰਘ ਤਾਮਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਹ ਤਾਮਿਲਨਾਡੂ ’ਚ ਸਿੱਖੀ ਅਪਣਾਉਣ ਵਾਲੇ ਲੋਕਾਂ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਲਈ ਤੁਰੰਤ ਦਖ਼ਲ ਦੇਵੇਗੀ। ਹਿਮਾਚਲ ’ਚ ਕਕਾਰਾਂ ਕਾਰਨ ਪ੍ਰੀਖਿਆ ਤੋਂ ਰੋਕਣ ਦੀ ਕੀਤੀ ਨਿਖੇਧੀ ਇਸ ਮੌਕੇ ਉਨ੍ਹਾਂ ਹਿਮਾਚਲ ਪ੍ਰਦੇਸ਼ ’ਚ ਕੜਾ ਅਤੇ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨਾਂ ਨੂੰ ਸਰਕਾਰੀ ਪ੍ਰੀਖਿਆ ’ਚ ਬੈਠਣ ਤੋਂ ਰੋਕੇ ਜਾਣ ਦੇ ਮਾਮਲੇ ਦੀ ਵੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ’ਤੇ ਧਾਰਮਿਕ ਆਜ਼ਾਦੀ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਰਪਾਨ ਧਾਰਨ ਕਰਨਾ ਸਿੱਖਾਂ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਅਤੇ ਸਨਮਾਨ ਨਾਲ ਜਿਊਣ ਦਾ ਅਧਿਕਾਰ ਦਿੰਦੀ ਹੈ।