ਢਿੱਲੋ ਫਾਰਮ ਹਾਊਸ ਵਿਖੇ ਪਹੁੰਚੀ ਪੰਜਾਬੀ ਫਿਲਮ ‘ਗੁਰਸ਼ੀਦ ਮੁਹੰਮਦ ਸਿੰਘ’ ਦੀ ਟੀਮ ਢਿੱਲੋ ਫਾਰਮ ਹਾਊਸ ਵਿਖੇ ਪਹੁੰਚੀ ਪੰਜਾਬੀ ਫਿਲਮ ‘ਗੁਰਸ਼ੀਦ ਮੁਹੰਮਦ ਸਿੰਘ’ ਦੀ ਟੀਮ
Publish Date: Sun, 29 Nov 2026 04:48 PM (IST)
Updated Date: Sun, 29 Nov 2026 04:50 PM (IST)
ਬਿਜ਼ਨਸ ਪਲਸ 11 ਦਸੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼ ਟੋਰਾਂਟੋ ਫਿਲਮ ਐਵਾਰਡਜ਼-2026 ’ਚ ਜਿੱਤਿਆ ਬੈਸਟ ਏਸ਼ੀਅਨ ਫਿਲਮ ਦਾ ਖ਼ਿਤਾਬ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਦੇਣ ਤੇ ਦਰਸ਼ਕਾਂ ਸਾਹਮਣੇ ਇੱਕ ਅਰਥਪੂਰਨ ’ਤੇ ਪ੍ਰਭਾਵਸ਼ਾਲੀ ਕਹਾਣੀ ਪੇਸ਼ ਕਰਨ ਦੇ ਉਦੇਸ਼ ਨਾਲ ਵੰਡ ਦੇ ਦੁਖਾਂਤ ਦੀ ਕਹਾਣੀ ਨੂੰ ਬਿਆਨ ਕਰਦੀ ਪੰਜਾਬੀ ਫਿਲਮ ‘ਗੁਰਸ਼ੀਦ ਮੁਹੰਮਦ ਸਿੰਘ’ ਦੀ ਸਟਾਰਕਾਸਟ ਅੱਜ ਢਿੱਲੋ ਫਾਰਮ ਹਾਊਸ ਨੂਰਪੁਰ ਬੇਦੀ ਵਿਖੇ ਪਹੁੰਚੀ। 11 ਦਸੰਬਰ ਨੂੰ ਸੰਸਾਰ ਭਰ ’ਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਨੂੰ ਲੈ ਕੇ ਇਲਾਕੇ ਦੇ ਪੱਤਰਕਾਰਾਂ ਨਾਲ ਵਿਸ਼ੇਸ਼ ਪ੍ਰੈੱਸ ਮਿਲਣੀ ਕੀਤੀ ਗਈ। ਇਸ ਦੌਰਾਨ ਫਿਲਮ ਦੇ ਨਿਰਦੇਸ਼ਕ ਜਸਵੀਰ ਗਿੱਲ ਨੇ ਫਿਲਮ ਦਾ ਟ੍ਰੇਲਰ ਦਿਖਾਉਂਦਿਆਂ ਇਸ ਦੀ ਕਹਾਣੀ, ਨਿਰਮਾਣ ਤੇ ਕਲਾਕਾਰਾਂ ਦੇ ਤਜਰਬਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਨਿਰਦੇਸ਼ਕ ਜਸਵੀਰ ਗਿੱਲ ਨੇ ਦੱਸਿਆ ਕਿ ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਵਿਲੱਖਣ ਪਛਾਣ ਸਥਾਪਿਤ ਕਰ ਲਈ ਹੈ। ਉਨ੍ਹਾਂ ਅਨੁਸਾਰ ਫਿਲਮ ਨੇ ਟੋਰਾਂਟੋ ਫਿਲਮ ਐਵਾਰਡਜ਼-2026 ’ਚ ਬੈਸਟ ਏਸ਼ੀਅਨ ਫਿਲਮ ਦੀ ਸ਼੍ਰੇਣੀ ਅਧੀਨ ਵੱਕਾਰੀ ਪੁਰਸਕਾਰ ਹਾਸਲ ਕੀਤਾ ਹੈ, ਜੋ ਸਮੁੱਚੀ ਪੰਜਾਬੀ ਫਿਲਮ ਇੰਡਸਟਰੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਫਿਲਮ ਬਣਾਉਣ ਦਾ ਮੁੱਖ ਮਕਸਦ ਪੰਜਾਬੀ ਸਿਨੇਮੇ ’ਚ ਨਵੇਂ ਵਿਸ਼ਿਆਂ, ਮਿਆਰੀ ਕਹਾਣੀਆਂ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ’ਚ ਤਜਰਬੇਕਾਰ ਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਮੌਕੇ ਫਿਲਮ ਅਦਾਕਾਰ ਰਾਮ ਔਜਲਾ, ਅਭੀ ਮਨੀ, ਲੋਕ ਗਾਇਕ ਪੰਮਾ ਡੁੰਮੇਵਾਲ, ਪਾਲੀ ਰਾਏਪੁਰ ਤੇ ਪਰਮਜੀਤ ਕੌਰ ਸਮੇਤ ਹੋਰ ਕਲਾਕਾਰਾਂ ਨੇ ਵੀ ਸ਼ੂਟਿੰਗ ਦੌਰਾਨ ਦੇ ਯਾਦਗਾਰੀ ਪਲ ਤੇ ਆਪਣੇ ਤਜਰਬੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਅਦਾਕਾਰ ਚਿਰਾਗ ਗਿੱਲ ਨੇ ਫਿਲਮ ਦੀ ਤਕਨੀਕੀ ਟੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਮ ਦੀ ਸਿਨੇਮੈਟੋਗ੍ਰਾਫੀ ਦੀ ਜ਼ਿੰਮੇਵਾਰੀ ਅੰਕਿਤ ਚੋਪੜਾ ਨੇ ਬਾਖੂਬੀ ਨਿਭਾਈ ਹੈ। ਉਨ੍ਹਾਂ ਫਿਲਮ ਦੇ ਸੰਗੀਤ ਦੀ ਗੱਲ ਕਰਦਿਆਂ ਦੱਸਿਆ ਕਿ ਇਸ ’ਚ ਪੰਜਾਬ ਦੇ ਹਰਮਨਪਿਆਰੇ ਗਾਇਕ ਨਛੱਤਰ ਗਿੱਲ, ਪੰਮਾ ਡੁੰਮੇਵਾਲ, ਗਾਇਕਾ ਰਜ਼ਾ ਹੀਰ, ਗੁਰਸ਼ਰਨ ਸਿੰਘ ਤੇ ਅਕਸ਼ ਸਮੇਤ ਹੋਰ ਸੁਰੀਲੇ ਗਾਇਕਾਂ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਇਨ੍ਹਾਂ ਗੀਤਾਂ ਨੂੰ ਸੰਗੀਤਕਾਰ ਗੁਰਮਨ ਗਿੱਲ ਨੇ ਆਪਣੀਆਂ ਮਨਮੋਹਕ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਕਲਾਕਾਰਾਂ ਨੇ ਕਿਹਾ ਕਿ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਗੀਤ-ਸੰਗੀਤ ਵੀ ਦਰਸ਼ਕਾਂ ਨੂੰ ਭਾਵਨਾਤਮਕ ਤੌਰ ’ਤੇ ਜੋੜਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬੀ ਸਿਨੇਮੇ ਨੂੰ ਪਿਆਰ ਕਰਨ ਵਾਲੇ ਦਰਸ਼ਕ ਇਸ ਫਿਲਮ ਨੂੰ ਭਰਵਾਂ ਹੁੰਗਾਰਾ ਦੇਣਗੇ ਤੇ 11 ਦਸੰਬਰ ਨੂੰ ਇਸ ਦੀ ਰਿਲੀਜ਼ ਪੰਜਾਬੀ ਸਿਨੇਮਾ ਲਈ ਇੱਕ ਯਾਦਗਾਰੀ ਮੌਕਾ ਸਾਬਤ ਹੋਵੇਗੀ।