ਬਾਲ ਕ੍ਰਿਸ਼ਨ ਦੀਆਂ ਕਿਲਕਾਰੀਆਂ ਨਾਲ ਗੂੰਜਿਆ ਨੂਰਪੁਰਬੇਦੀ ਦਾ ਸ਼ਿਵ ਮੰਦਰ ਨੂਰਪੁਰਬੇਦੀ ਦੇ ਸ਼ਿਵ ਮੰਦਿਰ ਵਿਖੇ ਨੂਰਪੁਰਬੇਦੀ ਦੇ ਸ਼ਿਵ ਮੰਦਿਰ ਵਿਖੇ ਬਾਲ ਕ੍ਰਿਸ਼ਨ ਦੀਆਂ ਕਿਲਕਾਰੀਆਂ ਨਾਲ ਗੂੰਜਿਆ ਕਥਾ ਪੰਡਾਲ ਬਾਲ ਕ੍ਰਿਸ਼ਨ ਦੀਆਂ
Publish Date: Sun, 29 Nov 2026 04:35 PM (IST)
Updated Date: Sun, 29 Nov 2026 04:37 PM (IST)
ਪ੍ਰੇਮ, ਨਿਮਰਤਾ ਤੇ ਸੱਚਾਈ ਦਾ ਸੰਦੇਸ਼ ਦਿੰਦੈ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ : ਨੀਲਕੰਠ ਕੌਸ਼ਲ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸ਼ਿਵ ਮੰਦਰ ਨੂਰਪੁਰਬੇਦੀ ਵਿਖੇ ਮਹਿਲਾ ਕੀਰਤਨ ਮੰਡਲੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਅਤੇ ਮਹੰਤ ਸੰਮਤ ਗਿਰੀ ਤੇ ਮਹੰਤ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਾ ਮਨਮੋਹਕ ਪ੍ਰਸੰਗ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਧੇ-ਰਾਧੇ ਆਸ਼ਰਮ ਬਰੋਟਾ ਭਗਵਾਲਾ ਦੇ ਸੰਚਾਲਕ ਆਚਾਰੀਆ ਨੀਲਕੰਠ ਕੌਸ਼ਲ ਨੇ ਆਪਣੀ ਰਸਭਿੰਨੀ ਬਾਣੀ ਰਾਹੀਂ ਜਦੋਂ ਮਥੁਰਾ ਨਗਰੀ ’ਚ ਕੰਸ ਦੇ ਅੱਤਿਆਚਾਰਾਂ, ਦੇਵਕੀ-ਵਾਸੂਦੇਵ ਦੀ ਕੈਦ ਅਤੇ ਅੱਧੀ ਰਾਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਅਵਤਾਰ ਧਾਰਨ ਕਰਨ ਦਾ ਪ੍ਰਸੰਗ ਸੁਣਾਇਆ ਤਾਂ ਸੰਗਤਾਂ ਭਾਵੁਕ ਹੋ ਉੱਠੀਆਂ। ਇਸ ਦੌਰਾਨ ਬਾਲ ਕ੍ਰਿਸ਼ਨ ਦੀਆਂ ਕਿਲਕਾਰੀਆਂ, ਜੈਕਾਰਿਆਂ ਅਤੇ ਭਜਨਾਂ ਨਾਲ ਸਮੁੱਚਾ ਕਥਾ ਪੰਡਾਲ ਭਗਤੀ ਦੇ ਰੰਗ ’ਚ ਰੰਗਿਆ ਗਿਆ। ਆਪਣੇ ਪ੍ਰਵਚਨਾਂ ’ਚ ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਜਦੋਂ ਵੀ ਧਰਤੀ ’ਤੇ ਅਧਰਮ ਵਧਦਾ ਹੈ, ਪਰਮਾਤਮਾ ਧਰਮ ਦੀ ਸਥਾਪਨਾ ਲਈ ਅਵਤਾਰ ਧਾਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਮਨੁੱਖਤਾ ਨੂੰ ਪ੍ਰੇਮ, ਸਦਭਾਵਨਾ, ਨਿਮਰਤਾ ਤੇ ਸੱਚਾਈ ਦੇ ਮਾਰਗ ’ਤੇ ਚੱਲਣ ਅਤੇ ਗੀਤਾ ਦਾ ਸੰਦੇਸ਼ ਨਿਰਸਵਾਰਥ ਭਾਵਨਾ ਨਾਲ ਕਰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸੰਗਤਾਂ ਨੂੰ ਕਥਾ ਦੀਆਂ ਸਿੱਖਿਆਵਾਂ ਆਪਣੇ ਜੀਵਨ ’ਚ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਕੀਰਤਨ ਮੰਡਲੀ ਦੇ ਮੈਂਬਰ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।