ਸਾਈਬਰ ਸੁਰੱਖਿਆ ਸਮੇਂ ਦੀ ਮੁੱਖ ਲੋੜ, ਆਨਲਾਈਨ ਠੱਗੀ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ ਸਾਈਬਰ ਸੁਰੱਖਿਆ ਸਮੇਂ ਦੀ ਮੁੱਖ ਲੋੜ, ਆਨਲਾਈਨ ਧੋਖਾਧੜੀ ਤੋਂ ਬਚਣ ਲਈ ਜਾਗਰੂਕਤਾ ਜ਼ਰੂਰੀ
Publish Date: Sun, 29 Nov 2026 04:06 PM (IST)
Updated Date: Sun, 29 Nov 2026 04:07 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਅਜੋਕੇ ਡਿਜੀਟਲ ਯੁੱਗ ’ਚ ਇੰਟਰਨੈੱਟ ਤੇ ਮੋਬਾਈਲ ਫੋਨ ਸਾਡੇ ਜੀਵਨ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਜਿੱਥੇ ਤਕਨਾਲੋਜੀ ਨੇ ਰੋਜ਼ਮੱਰਾ ਦੇ ਕੰਮ ਆਸਾਨ ਕੀਤੇ ਹਨ, ਉੱਥੇ ਹੀ ਸਾਈਬਰ ਅਪਰਾਧ, ਆਨਲਾਈਨ ਠੱਗੀ ਤੇ ਨਿੱਜੀ ਡਾਟਾ ਚੋਰੀ ਹੋਣ ਦੀਆਂ ਘਟਨਾਵਾਂ ਵੀ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਮਾਹਿਰਾਂ, ਪੁਲਿਸ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਨੇ ਆਮ ਲੋਕਾਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਵਧੇਰੇ ਸੁਚੇਤ ਰਹਿਣ ਦਾ ਸੱਦਾ ਦਿੱਤਾ ਹੈ। ਮਜ਼ਬੂਤ ਪਾਸਵਰਡ ਦੀ ਕਰੋ ਵਰਤੋਂ : ਹਰਪ੍ਰੀਤ ਸਿੰਘ ਕੰਪਿਊਟਰ ਮਾਹਿਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਹਰ ਵਿਅਕਤੀ ਲਈ ਡਿਜੀਟਲ ਸੁਰੱਖਿਆ ਦੇ ਬੁਨਿਆਦੀ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਆਸਾਨ ਪਾਸਵਰਡ ਰੱਖਦੇ ਹਨ ਜਾਂ ਇੱਕੋ ਪਾਸਵਰਡ ਕਈ ਖਾਤਿਆਂ ਲਈ ਵਰਤਦੇ ਹਨ, ਜਿਸ ਨਾਲ ਹੈਕਿੰਗ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਮਜ਼ਬੂਤ ਪਾਸਵਰਡ ਦੇ ਨਾਲ-ਨਾਲ ‘ਟੂ-ਫੈਕਟਰ ਆਥੈਂਟੀਕੇਸ਼ਨ’ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਸੇ ਵੀ ਅਣਜਾਣ ਲਿੰਕ, ਈ-ਮੇਲ ਜਾਂ ਮੈਸੇਜ ਰਾਹੀਂ ਆਈ ਫਾਈਲ ਨੂੰ ਬਿਨਾਂ ਜਾਂਚੇ ਨਾ ਖੋਲ੍ਹਿਆ ਜਾਵੇ ਤੇ ਮੋਬਾਈਲ-ਕੰਪਿਊਟਰ ਦੇ ਸਾਫਟਵੇਅਰ ਸਮੇਂ-ਸਮੇਂ ’ਤੇ ਅਪਡੇਟ ਰੱਖੇ ਜਾਣ। ਠੱਗੀ ਹੋਣ ’ਤੇ ਤੁਰੰਤ 1930 ’ਤੇ ਕਰੋ ਕਾਲ : ਅਮਰਿੰਦਰ ਸਿੰਘ ਥਾਣਾ ਮੁਖੀ ਅਮਰਿੰਦਰ ਸਿੰਘ ਸਿੱਧੂ ਨੇ ਚੌਕਸ ਕਰਦਿਆਂ ਕਿਹਾ ਕਿ ਸਾਈਬਰ ਠੱਗ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੇ ਹਨ। ਕਈ ਵਾਰ ਬੈਂਕ ਅਧਿਕਾਰੀ, ਪੁਲਿਸ ਮੁਲਾਜ਼ਮ ਜਾਂ ਸਰਕਾਰੀ ਵਿਭਾਗ ਦੇ ਨੁਮਾਇੰਦੇ ਬਣ ਕੇ ਫੋਨ ਰਾਹੀਂ ਓ.ਟੀ.ਪੀ. (OTP), ਬੈਂਕ ਖਾਤੇ ਦੇ ਵੇਰਵੇ ਜਾਂ ਹੋਰ ਗੁਪਤ ਜਾਣਕਾਰੀ ਮੰਗੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਓ.ਟੀ.ਪੀ., ਏ.ਟੀ.ਐੱਮ. ਪਿੰਨ ਜਾਂ ਬੈਂਕਿੰਗ ਪਾਸਵਰਡ ਕਦੇ ਵੀ ਸਾਂਝਾ ਨਾ ਕੀਤਾ ਜਾਵੇ। ਜੇਕਰ ਕਿਸੇ ਨਾਲ ਆਨਲਾਈਨ ਠੱਗੀ ਹੋ ਜਾਂਦੀ ਹੈ, ਤਾਂ ਬਿਨਾਂ ਦੇਰੀ ਸਾਈਬਰ ਹੈਲਪਲਾਈਨ ਨੰਬਰ 1930 ’ਤੇ ਕਾਲ ਕੀਤੀ ਜਾਵੇ ਤੇ ਪੋਰਟਲ cybercrime.gov.in ’ਤੇ ਸ਼ਿਕਾਇਤ ਦਰਜ ਕਰਵਾਈ ਜਾਵੇ, ਕਿਉਂਕਿ ਸਮੇਂ ਸਿਰ ਕੀਤੀ ਸ਼ਿਕਾਇਤ ਨਾਲ ਠੱਗੇ ਗਏ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ। ਲਾਟਰੀ ਜਾਂ ਇਨਾਮ ਦੇ ਝਾਂਸੇ ’ਚ ਨਾ ਆਓ : ਜਸਵਿੰਦਰ ਸਿੰਘ ਢਿੱਲੋਂ ਸਮਾਜ ਸੇਵੀ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਾਈਬਰ ਸੁਰੱਖਿਆ ਸਿਰਫ਼ ਤਕਨੀਕੀ ਮਾਹਿਰਾਂ ਦੀ ਹੀ ਨਹੀਂ, ਸਗੋਂ ਸਮਾਜ ਦੇ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਤੇ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਆਨਲਾਈਨ ਠੱਗੀ ਦੇ ਤਰੀਕਿਆਂ ਬਾਰੇ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਬਾਰੇ ਸਮਝਾਉਣ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਆਪਣਾ ਘਰ ਦਾ ਪਤਾ, ਬੈਂਕ ਵੇਰਵੇ ਜਾਂ ਹੋਰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤੇ ਕਿਸੇ ਵੀ ਲਾਟਰੀ, ਇਨਾਮ ਜਾਂ ਸਸਤੇ ਕਰਜ਼ੇ ਦੇ ਲਾਲਚ ’ਚ ਆ ਕੇ ਆਪਣੀ ਮਿਹਨਤ ਦੀ ਕਮਾਈ ਨਾ ਗਵਾਈ ਜਾਵੇ।