ਔਖੇ ਵੇਲਿਆਂ ’ਚ ਵੀ ਨਹੀਂ ਡੋਲੇ ਤ੍ਰਿਪਤਾ ਦੇਵੀ, ਪਰਿਵਾਰ ਨੂੰ ਦੇ ਗਏ ਸੰਸਕਾਰਾਂ ਦੀ ਅਨਮੋਲ ਦੌਲਤ ਔਖੇ ਹਾਲਾਤਾਂ ਵਿੱਚ ਵੀ ਤ੍ਰਿਪਤਾ ਦੇਵੀ ਨੇ ਨਹੀਂ ਛੱਡਿਆ ਹੌਸਲਾ, ਪਰਿਵਾਰ ਨੂੰ ਦੇ ਗਏ ਸੰਸਕਾਰਾਂ ਦੀ ਅਨਮੋਲ ਸੌਗਾਤ
Publish Date: Sun, 29 Nov 2026 04:01 PM (IST)
Updated Date: Sun, 29 Nov 2026 04:04 PM (IST)
ਪੰਜਾਬੀਂ ਜਾਗਰਣ ਟੀਮ, ਨੰਗਲ : ਜੀਵਨ ’ਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੰਘਰਸ਼, ਤਿਆਗ ਤੇ ਜੀਵਨ ਜਿਊਣ ਦਾ ਢੰਗ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣ ਜਾਂਦਾ ਹੈ। ਸਵਰਗੀ ਤ੍ਰਿਪਤਾ ਦੇਵੀ ਵੀ ਅਜਿਹੀ ਹੀ ਪ੍ਰੇਰਨਾਦਾਇਕ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਜ਼ਿੰਦਗੀ ਦੀਆਂ ਮੁਸ਼ਕਲ ਤੋਂ ਮੁਸ਼ਕਲ ਘੜੀਆਂ ’ਚ ਵੀ ਧੀਰਜ, ਹਿੰਮਤ ਤੇ ਸਮਰਪਣ ਦਾ ਪੱਲਾ ਨਹੀਂ ਛੱਡਿਆ। ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਰਾਏਪੁਰ ਸਹੋੜਾਂ ’ਚ ਮਾਤਾ ਕੌਸ਼ਲਿਆ ਦੇਵੀ ਤੇ ਪਿਤਾ ਭਗਤ ਰਾਮ ਦੇ ਘਰ ਜਨਮੇ ਤ੍ਰਿਪਤਾ ਦੇਵੀ ਨੇ ਮਾਪਿਆਂ ਤੋਂ ਮਿਲੇ ਨੈਤਿਕ ਸੰਸਕਾਰਾਂ ਨੂੰ ਜੀਵਨ ਭਰ ਅਪਣਾਈ ਰੱਖਿਆ। ਧਾਰਮਿਕ ਆਸਥਾ, ਸਾਦਗੀ, ਪਰਉਪਕਾਰ, ਸਹਿਣਸ਼ੀਲਤਾ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਉਨ੍ਹਾਂ ਦੇ ਸੁਭਾਅ ਦਾ ਅਹਿਮ ਹਿੱਸਾ ਸੀ। ਉਨ੍ਹਾਂ ਦੇ ਸਪੁੱਤਰ ਸੁਭਾਸ਼ ਸ਼ਰਮਾ (ਸੀਨੀਅਰ ਰਿਪੋਰਟਰ, ਦੈਨਿਕ ਜਾਗਰਣ) ਤੇ ਪਰਿਵਾਰਕ ਮੈਂਬਰਾਂ ਅਨੁਸਾਰ, ਧਾਰਮਿਕ ਆਸਥਾ ਤੇ ਸੱਚਾਈ ਪ੍ਰਤੀ ਦ੍ਰਿੜ੍ਹ ਨਿਸ਼ਠਾ ਰੱਖਣ ਵਾਲੇ ਸਵਰਗੀ ਹਰਬੰਸ ਲਾਲ ਦੀ ਜੀਵਨ ਸਾਥਣ ਵਜੋਂ ਤ੍ਰਿਪਤਾ ਦੇਵੀ ਨੇ ਪਰਿਵਾਰ ਨੂੰ ਹਮੇਸ਼ਾ ਧਰਮ, ਸੇਵਾ ਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਰਹਿਣ ਦੀ ਸਿੱਖਿਆ ਦਿੱਤੀ। ਭਾਖੜਾ ਡੈਮ ਦੇ ਨਿਰਮਾਣ ਸਮੇਂ ਜਦੋਂ ਉਨ੍ਹਾਂ ਦੇ ਪੁਰਖਿਆਂ ਤੇ ਪਤੀ ਦਾ ਇਤਿਹਾਸਕ ਪਿੰਡ ਭਾਖੜਾ ਤੇ ਜੱਦੀ ਘਰ ਪਾਣੀ ’ਚ ਡੁੱਬ ਗਏ, ਤਾਂ ਪਰਿਵਾਰ ਨੂੰ ਜਨਮਭੂਮੀ ਤੋਂ ਵਿਛੜਨ ਦਾ ਡੂੰਘਾ ਦਰਦ ਸਹਿਣਾ ਪਿਆ। ਉਜਾੜੇ ਤੋਂ ਬਾਅਦ ਨਵੇਂ ਸਿਰੇ ਤੋਂ ਘਰ-ਪਰਿਵਾਰ ਵਸਾਉਣ ਦੀ ਵੱਡੀ ਚੁਣੌਤੀ ਸਾਹਮਣੇ ਸੀ। ਅਜਿਹੇ ਕਠਿਨ ਸਮੇਂ ’ਚ ਤ੍ਰਿਪਤਾ ਦੇਵੀ ਨੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕੀਤਾ ਤੇ ਆਪਣੀ ਮਿਹਨਤ ਤੇ ਤਿਆਗ ਨਾਲ ਪਰਿਵਾਰ ਨੂੰ ਮੁੜ ਜੀਵਨ ਦੀ ਲੀਹ ’ਤੇ ਲਿਆਂਦਾ। ਤ੍ਰਿਪਤਾ ਦੇਵੀ ਨੇ ਆਪਣੇ ਜੀਵਨ ਤਜਰਬਿਆਂ ਰਾਹੀਂ ਪਰਿਵਾਰ ਨੂੰ ਸਿਖਾਇਆ ਕਿ ਭੌਤਿਕ ਸੁੱਖ-ਸਹੂਲਤਾਂ ਨਾਲੋਂ ਕਿਤੇ ਵੱਧ ਕੀਮਤੀ ਆਪਸੀ ਪਿਆਰ, ਵਿਸ਼ਵਾਸ ਤੇ ਸਦਭਾਵਨਾ ਹੈ। ਉਨ੍ਹਾਂ ਆਪਣੇ ਆਚਰਨ ਰਾਹੀਂ ਇਹ ਸਾਬਤ ਕੀਤਾ ਕਿ ਅਸਲ ਸੰਸਕਾਰ ਔਖੇ ਵੇਲੇ ਨਿਭਾਈਆਂ ਜ਼ਿੰਮੇਵਾਰੀਆਂ ਵਿੱਚੋਂ ਹੀ ਝਲਕਦੇ ਹਨ। ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਅਚਾਨਕ ਸਿਹਤ ਖ਼ਰਾਬ ਰਹਿਣ ਕਾਰਨ 18 ਨਵੰਬਰ ਨੂੰ ਸਵੇਰੇ 10:30 ਵਜੇ ਤ੍ਰਿਪਤਾ ਦੇਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰ ਗਏ। ਉਨ੍ਹਾਂ ਦੇ ਸਪੁੱਤਰਾਂ ਸੁਭਾਸ਼ ਸ਼ਰਮਾ ਤੇ ਸੁਸ਼ੀਲ ਸ਼ਰਮਾ ਅਨੁਸਾਰ, ਦਿਵੰਗਤ ਤ੍ਰਿਪਤਾ ਦੇਵੀ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਤੇ ਰਸਮ ਪਗੜੀ ਅੱਜ ਸੋਮਵਾਰ (30 ਨਵੰਬਰ) ਨੂੰ ਸ੍ਰੀ ਲਕਸ਼ਮੀ ਨਾਰਾਇਣ ਮੰਦਰ, ਨੰਗਲ ਵਿਖੇ ਦੁਪਹਿਰ 2 ਵਜੇ ਤੋਂ 3 ਵਜੇ ਤੱਕ ਹੋਵੇਗੀ, ਜਿੱਥੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸਨੇਹੀ ਤੇ ਇਲਾਕੇ ਦੇ ਪਤਵੰਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।