ਕਾਹਨਪੁਰ ਖੂਹੀ ’ਚ ਵੱਡੀ ਵਾਰਦਾਤ: ਚੋਰਾਂ ਨੇ 1 ਘੰਟੇ ਅੰਦਰ 2 ਲੱਖ ਨਕਦੀ ਤੇ 10 ਤੋਲੇ ਸੋਨੇ ’ਤੇ ਕੀਤਾ ਹੱਥ ਸਾਫ਼ ਪੁਲਿਸ ਦੀ ਗਸ਼ਤ ਨੂੰ ਚਕਮਾ ਦੇ ਗਏ ਚੋਰ! ਕਾਹਨਪੁਰ ਖੂਹੀ 'ਚ ਇਕ ਘੰਟੇ ਅੰਦਰ 2 ਲੱਖ
Publish Date: Sat, 28 Nov 2026 07:02 PM (IST)
Updated Date: Sat, 28 Nov 2026 07:04 PM (IST)
ਪੈਟਰੋਲਿੰਗ ਦੇ ਦਾਅਵੇ ਜ਼ਮੀਨੀ ਹਕੀਕਤ ਅੱਗੇ ਫਿੱਕੇ ਪਏ, ਲੋਕਾਂ ਦੇ ਘਰਾਂ ਦੀ ਸੁਰੱਖਿਆ ’ਤੇ ਉੱਠੇ ਸਵਾਲ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਇਲਾਕੇ ’ਚ ਪੁਲਿਸ ਦੀ ਗਸ਼ਤ ਤੇ ਪੈਟਰੋਲਿੰਗ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਬੇਖ਼ੌਫ਼ ਚੋਰਾਂ ਨੇ ਪਿੰਡ ਕਾਹਨਪੁਰ ਖੂਹੀ ਵਿਖੇ ਦਿਨ-ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਮਹਿਜ਼ ਇੱਕ ਘੰਟੇ ਦੇ ਅੰਦਰ-ਅੰਦਰ ਘਰ ’ਚੋਂ 2 ਲੱਖ ਰੁਪਏ ਦੀ ਨਕਦੀ ਤੇ ਕਰੀਬ 10 ਤੋਲੇ ਸੋਨੇ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਗੁਰਚਰਨ ਸਿੰਘ ਪੁੱਤਰ ਸਦਾ ਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਵੇਰੇ ਕਰੀਬ ਸਵਾ 10 ਵਜੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਪਰਿਵਾਰ ਨੂੰ ਘਰੋਂ ਗਿਆਂ ਅਜੇ ਇੱਕ ਘੰਟਾ ਹੀ ਹੋਇਆ ਸੀ ਕਿ ਚੋਰਾਂ ਨੇ ਸੁੰਨੇ ਘਰ ਦਾ ਫਾਇਦਾ ਉਠਾਉਂਦਿਆਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਦੋਂ ਪਰਿਵਾਰ ਵਾਪਸ ਪਰਤਿਆ ਤਾਂ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਪੇਟੀ ਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਰਾ ਸਾਮਾਨ ਖਿਲਾਰਿਆ ਪਿਆ ਸੀ। ਪਰਿਵਾਰ ਅਨੁਸਾਰ ਚੋਰੀ ਹੋਏ ਸੋਨੇ ਦੇ ਗਹਿਣਿਆਂ ਤੇ ਨਕਦੀ ਦੀ ਕੁੱਲ ਅੰਦਾਜ਼ਨ ਕੀਮਤ 13 ਤੋਂ 14 ਲੱਖ ਰੁਪਏ ਬਣਦੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਚੌਕੀ ਕਲਵਾਂ ਦੇ ਇੰਚਾਰਜ ਧਰਮਪਾਲ ਨੇ ਮੌਕੇ ’ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਦੂਜੇ ਪਾਸੇ, ਇਸ ਵਾਰਦਾਤ ਤੋਂ ਬਾਅਦ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਭਾਰੀ ਰੋਸ ਪ੍ਰਗਟਾਇਆ। ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਪਿੰਡਾਂ ’ਚ ਪੁਲਿਸ ਗਸ਼ਤ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ ਤੇ ਇਸ ਵਾਰਦਾਤ ਨੂੰ ਜਲਦ ਹੱਲ ਕਰਕੇ ਚੋਰਾਂ ਨੂੰ ਕਾਬੂ ਕੀਤਾ ਜਾਵੇ। ਇਸ ਮੌਕੇ ਨਰਿੰਦਰ ਠੇਕੇਦਾਰ, ਚੂਹੜ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਸਾਬਕਾ ਸਰਪੰਚ ਪ੍ਰੇਮ ਸਿੰਘ, ਬੱਗਾ ਠੇਕੇਦਾਰ, ਸੰਦੀਪ ਚਾਂਦਲਾ, ਅਵਤਾਰ ਸਿੰਘ, ਨੰਦ ਲਾਲ, ਪ੍ਰੀਤਮ ਦਾਸ, ਸੁਰੇਸ਼ ਫ਼ੌਜੀ, ਗੁਰਮੇਲ ਚੰਦ, ਪ੍ਰਿੰਸ ਚਾਂਦਲਾ, ਤਜਿੰਦਰ ਸੇਠੀ ਤੇ ਡਾ. ਕੌਸ਼ਲ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।