ਕਲਵਾਂ ਵਿਖੇ ‘ਸਖੀਆਂ’ ਦੇ ਰੂਬਰੂ ਹੋਏ ਵਿਧਾਇਕ ਦਿਨੇਸ਼ ਚੱਢਾ ਤੇ ਨਿਸ਼ਾ ਚੱਢਾ ਕਰਤਾਰ ਪੈਲੇਸ ਕਲਵਾਂ ਵਿਖੇ ਵਿਧਾਇਕ ਦਿਨੇਸ਼ ਚੱਢਾ ’ਤੇ ਨੀਸ਼ਾ ਚੱਢਾ ਨੇ ਸਖੀਆਂ ਨਾਲ ਕੀਤੀ ਰੂਬਰੂ ਮੀਟਿੰਗ
Publish Date: Sat, 28 Nov 2026 06:21 PM (IST)
Updated Date: Sat, 28 Nov 2026 06:22 PM (IST)
ਮਹਿਲਾਵਾਂ ਨੂੰ ਹਰ ਖੇਤਰ ’ਚ ਅੱਗੇ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਹਿਲਾਵਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣ ਦੇ ਮਕਸਦ ਨਾਲ ਹਲਕਾ ਵਿਧਾਇਕ ਦਿਨੇਸ਼ ਚੱਢਾ ਤੇ ਨੀਸ਼ਾ ਚੱਢਾ ਵੱਲੋਂ ਕਰਤਾਰ ਪੈਲੇਸ ਕਲਵਾਂ ਵਿਖੇ ‘ਸਖੀਆਂ’ ਨਾਲ ਵਿਸ਼ੇਸ਼ ਰੂਬਰੂ ਮਿਲਣੀ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਪਹੁੰਚੀਆਂ ਮਹਿਲਾਵਾਂ ਨਾਲ ਸਿੱਧਾ ਸੰਵਾਦ ਰਚਾਉਂਦਿਆਂ ਉਨ੍ਹਾਂ ਦੇ ਰੋਜ਼ਮਰ੍ਹਾ ਦੇ ਮਸਲਿਆਂ, ਸਮਾਜਿਕ ਚੁਣੌਤੀਆਂ ਤੇ ਭਵਿੱਖ ਸਬੰਧੀ ਸੁਝਾਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਮਾਜ ਦੀ ਤਰੱਕੀ ’ਚ ਮਹਿਲਾਵਾਂ ਦੀ ਅਹਿਮ ਭੂਮਿਕਾ ਹੈ ਤੇ ਅੱਜ ਉਹ ਹਰ ਖੇਤਰ ’ਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਮਾਜਿਕ ਫ਼ੈਸਲਿਆਂ ’ਚ ਹਿੱਸਾ ਲੈਣ ਤੇ ਅਗਵਾਈ ਕਰਨ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮੀਟਿੰਗ ਦੌਰਾਨ ਸਾਹਮਣੇ ਆਏ ਸੁਝਾਵਾਂ ਤੇ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਵੇਗਾ। ਨੀਸ਼ਾ ਚੱਢਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾਵਾਂ ’ਚ ਅੱਗੇ ਵਧਣ ਦੀ ਭਰਪੂਰ ਸਮਰੱਥਾ ਹੈ ਤੇ ਅਜਿਹੀਆਂ ਬੈਠਕਾਂ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੇ ਤਜਰਬੇ ਸਾਂਝੇ ਕਰਨ ਲਈ ਢੁੱਕਵਾਂ ਮੰਚ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਹਾਜ਼ਰ ਮਹਿਲਾਵਾਂ ਨੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਤੇ ਸਮਾਜਿਕ ਮੁੱਦਿਆਂ ’ਤੇ ਸੁਝਾਅ ਦਿੱਤੇ।