- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਸਭਾ ਮੈਂਬਰ ਡਾ. ਸਿਕੰਦਰ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਦਿੱਤਾ ਜਿੱਤ ਦਾ ਮੰਤਰ

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਭਾਰਤੀ ਜਨਤਾ ਪਾਰਟੀ (ਭਾਜਪਾ) ਨੰਗਲ ਮੰਡਲ ਦੇ ਦਫ਼ਤਰ, ਨਜ਼ਦੀਕ ਅੰਬ ਵਾਲਾ ਡੇਰਾ ਵਿਖੇ ਅੱਜ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ’ਚ ਰਾਜ ਸਭਾ ਮੈਂਬਰ ਡਾ. ਸਿਕੰਦਰ ਕੁਮਾਰ ਤੇ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਸਤਾਰਕ ਨਵੀਨ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ’ਚ ਨੰਗਲ ਮੰਡਲ ਦੇ ਬੂਥ ਪ੍ਰਧਾਨਾਂ, ਮੰਡਲ ਅਹੁਦੇਦਾਰਾਂ ਤੇ ਵੱਖ-ਵੱਖ ਮੋਰਚਿਆਂ ਤੇ ਸੈੱਲਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਆਗੂਆਂ ਵੱਲੋਂ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਸਿਕੰਦਰ ਕੁਮਾਰ ਤੇ ਨਵੀਨ ਸ਼ਰਮਾ ਨੇ ਵਰਕਰਾਂ ਨੂੰ ਬੂਥ ਪੱਧਰ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੇਜ਼ ਕਰਨ ਤੇ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਦੇ ਦਿਸ਼ਾ-ਨਿਰਦੇਸ਼ ਦਿੱਤੇ।
ਆਗੂਆਂ ਨੇ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਸਰਕਾਰ ਬਣਾਉਣ ਦੇ ਟੀਚੇ ਨਾਲ ਵਰਕਰ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਬੂਥ ’ਤੇ ਪਾਰਟੀ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ, ਜਿਸ ’ਤੇ ਸਮੂਹ ਵਰਕਰਾਂ ਨੇ ਦਿਨ-ਰਾਤ ਮਿਹਨਤ ਕਰਨ ਦਾ ਭਰੋਸਾ ਦਿਵਾਇਆ।
ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੀਨੀਅਰ ਆਗੂ ਜਤਿੰਦਰ ਸਿੰਘ ਅਟਵਾਲ, ਅਰਵਿੰਦ ਮਿੱਤਲ, ਨੰਗਲ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ, ਗੋਵਰਧਨ ਸੋਨੀ, ਰਾਕੇਸ਼ ਪੰਮੀ, ਕੁਲਭੂਸ਼ਣ ਪੁਰੀ, ਰਾਕੇਸ਼ ਮਾਰਕਨ, ਕੌਂਸਲਰ ਡਾ. ਰਜਿੰਦਰ ਕੁਮਾਰ, ਵਿਸ਼ਾਲ ਸੰਦਲ ਤੇ ਡਾ. ਰੋਹਿਤ ਸੰਦਲ ਸਮੇਤ ਜ਼ਿਲ੍ਹਾ ਤੇ ਸੂਬਾ ਪੱਧਰ ਦੇ ਅਹੁਦੇਦਾਰ ਤੇ ਵੱਡੀ ਗਿਣਤੀ ਵਰਕਰ ਹਾਜ਼ਰ ਸਨ।
60 ਸੀਟਾਂ ’ਤੇ ਅਕਾਲੀ ਦਲ ਤੇ 50 ਸੀਟਾਂ ’ਤੇ ਭਾਜਪਾ ਲੜੇਗੀ ਚੋਣ
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਡਾ. ਸਿਕੰਦਰ ਕੁਮਾਰ ਨੇ ਸੀਟਾਂ ਦੀ ਵੰਡ ਸਬੰਧੀ ਅਹਿਮ ਬਿਆਨ ਦਿੰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ 60 ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਤੇ 50 ਸੀਟਾਂ ’ਤੇ ਭਾਰਤੀ ਜਨਤਾ ਪਾਰਟੀ ਚੋਣ ਲੜੇਗੀ, ਜਦਕਿ ਬਾਕੀ ਪੰਜ-ਸੱਤ ਸੀਟਾਂ ਇੱਧਰ-ਉੱਧਰ ਹੋ ਸਕਦੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਪਾਰਟੀ ਦੀ ਅੰਦਰੂਨੀ ਧੜੇਬੰਦੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਾਰਟੀ ਕਿਸ ਨੂੰ ‘ਕੰਕਰ ਤੋਂ ਸ਼ੰਕਰ’ ਬਣਾ ਦੇਵੇ, ਪਤਾ ਨਹੀਂ ਲੱਗਦਾ
ਟਿਕਟਾਂ ਦੀ ਦਾਅਵੇਦਾਰੀ ਬਾਰੇ ਬੋਲਦਿਆਂ ਡਾ. ਸਿਕੰਦਰ ਕੁਮਾਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਭਾਜਪਾ ’ਚ ਟਿਕਟ ਜਾਂ ਅਹੁਦਾ ਕਿਸੇ ਆਗੂ ਦਾ ਵੱਡਾ ਜਾਂ ਛੋਟਾ ਕੱਦ ਦੇਖ ਕੇ ਨਹੀਂ, ਸਗੋਂ ਉਸ ਦੇ ਕੰਮ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਿਸ ਨੂੰ ‘ਕੰਕਰ ਤੋਂ ਸ਼ੰਕਰ’ ਬਣਾ ਦੇਵੇ, ਇਹ ਕਿਸੇ ਨੂੰ ਪਤਾ ਨਹੀਂ ਲੱਗਦਾ। ਹਾਲਾਂਕਿ, ਉਨ੍ਹਾਂ ਦੇ ਇਸ ਬਿਆਨ ’ਤੇ ਕੁਝ ਹਲਕਿਆਂ ’ਚ ਚਰਚਾ ਤੇ ਵਿਵਾਦ ਛਿੜਦਾ ਨਜ਼ਰ ਆਇਆ, ਜਿਸ ’ਤੇ ਬਾਅਦ ’ਚ ਉਹ ਸਫ਼ਾਈ ਦਿੰਦੇ ਵੀ ਦਿਖਾਈ ਦਿੱਤੇ।