- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨ ਸਰਕਾਰ ਦੀ ਨਵੀਂ ਪਹਿਲ

ਦਵਾਈਆਂ ਦੇ ਨਾਲ-ਨਾਲ ਇਲਾਹੀ ਬਾਣੀ ਨਾਲ ਮਰੀਜ਼ਾਂ ਨੂੰ ਮਿਲੇਗਾ ਮਾਨਸਿਕ ਸਕੂਨ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸੂਬਾ ਸਰਕਾਰ ਵੱਲੋਂ ਸਿਵਲ ਹਸਪਤਾਲਾਂ ’ਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਹੁਣ ਮਰੀਜ਼ਾਂ ਨੂੰ ਮਾਨਸਿਕ ਸਕੂਨ ਦੇਣ ਲਈ ਵੀ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਵਿਖੇ ਹੁਣ ਦਵਾਈਆਂ ਦੇ ਨਾਲ-ਨਾਲ ਇਲਾਹੀ ਗੁਰਬਾਣੀ ਕੀਰਤਨ ਦਾ ਪ੍ਰਵਾਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਹਸਪਤਾਲ ’ਚ ਇੱਕ ਵੱਡੀ ਐੱਲਸੀਡੀ (LCD) ਲਗਾ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਤੌਰ ’ਤੇ ਵੱਡੀ ਸ਼ਾਂਤੀ ਮਿਲ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਆਮ ਆਦਮੀ ਕਲੀਨਿਕ ਖੋਲ੍ਹ ਕੇ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਹੈ, ਉੱਥੇ ਹੀ ਸਿਵਲ ਹਸਪਤਾਲਾਂ ਦੀ ਨੁਹਾਰ ਵੀ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਵੱਲੋਂ ਹਸਪਤਾਲ ’ਚ ਸ਼ਬਦ ਗੁਰਬਾਣੀ ਦੇ ਪ੍ਰਵਾਹ ਲਈ ਅਜਿਹਾ ਉਪਰਾਲਾ ਕੀਤਾ ਗਿਆ ਹੈ, ਜੋ ਮਰੀਜ਼ਾਂ ਦੀ ਮਾਨਸਿਕ ਸਿਹਤ ਤੇ ਇਕਾਗਰਤਾ ਲਈ ਬੇਹੱਦ ਸਹਾਈ ਸਿੱਧ ਹੋਵੇਗਾ।
ਹਸਪਤਾਲ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਨੰਗਲ ਵਿਖੇ ਜਨਵਰੀ ਤੋਂ ਅਕਤੂਬਰ ਮਹੀਨੇ ਤੱਕ 42,156 ਮਰੀਜ਼ਾਂ ਦਾ ਓ.ਪੀ.ਡੀ. (OPD) ’ਚ ਇਲਾਜ ਕੀਤਾ ਗਿਆ ਹੈ, ਜਦਕਿ 10,776 ਮਰੀਜ਼ਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹਸਪਤਾਲ ਦੀ ਆਧੁਨਿਕ ਲੈਬਾਰਟਰੀ ’ਚ ਹਰ ਮਹੀਨੇ 7,000 ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਹੁਣ ਪੰਜਾਬ ਸਰਕਾਰ ਦੀ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਨੰਗਲ ਵਿਖੇ ਹੱਡੀਆਂ ਦਾ ਇਲਾਜ ਵੀ ਸ਼ੁਰੂ ਹੋ ਗਿਆ ਹੈ। ਇੱਥੇ ਹੱਡੀਆਂ ਦੇ ਮਾਹਿਰ ਡਾ. ਮੁਦਿਤ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਜਲਦ ਹੀ ਗੋਡੇ ਬਦਲਣ ਦੇ ਆਪ੍ਰੇਸ਼ਨ ਵੀ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਐੱਮਡੀ. ਮੈਡੀਸਨ ਡਾ. ਰਜਨੀਸ਼ ਬੈਂਸ ਤੇ ਅੱਖਾਂ ਦੇ ਮਾਹਿਰ ਡਾਕਟਰਾਂ ਵੱਲੋਂ ਵੀ ਲਗਾਤਾਰ ਬਿਹਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਸਸਤਾ ਤੇ ਮਿਆਰੀ ਇਲਾਜ ਮਿਲ ਰਿਹਾ ਹੈ।