ਮਧੂਵਨ ਵਾਟਿਕਾ ਸਕੂਲ ਦੀ 21ਵੀਂ ਦੋ ਰੋਜ਼ਾ ਸਪੋਰਟਸ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ ਮਧੂਵਨ ਵਾਟਿਕਾ ਸਕੂਲ ਦੀ 21ਵੀਂ ਦੋ ਰੋਜ਼ਾ ਸਪੋਰਟਸ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ
Publish Date: Sat, 28 Nov 2026 04:53 PM (IST)
Updated Date: Sat, 28 Nov 2026 04:55 PM (IST)
ਪ੍ਰਿਥਵੀ ਹਾਊਸ ਨੇ ਜਿੱਤੀ ਓਵਰਆਲ ਚੈਂਪੀਅਨਸ਼ਿਪ ਟਰਾਫੀ, ਵਾਯੂ ਹਾਊਸ ਰਨਰ-ਅੱਪ ਤੇ ਆਕਾਸ਼ ਹਾਊਸ ਤੀਜੇ ਸਥਾਨ ’ਤੇ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਕਰਵਾਈ ਗਈ 21ਵੀਂ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਖੇਡਾਂ ਦੇ ਜੋਸ਼, ਉਤਸ਼ਾਹ ਤੇ ਸ਼ਾਨਦਾਰ ਖੇਡ ਪ੍ਰਦਰਸ਼ਨਾਂ ਨਾਲ ਯਾਦਗਾਰੀ ਹੋ ਨਿਬੜੀ। ਦੋ ਦਿਨ ਤੱਕ ਚੱਲੇ ਇਸ ਖੇਡ ਮਹਾਕੁੰਭ ਦੌਰਾਨ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ, ਸ਼ਰੀਰਕ ਸਮਰੱਥਾ ਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸਪੋਰਟਸ ਮੀਟ ਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਸਮਾਗਮ ’ਚ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ ਤੇ ਅਮਨ ਕੁਮਾਰ ਚੱਢਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਦੋ ਰੋਜ਼ਾ ਖੇਡ ਮੇਲੇ ਦੌਰਾਨ 100 ਮੀਟਰ ਤੇ 200 ਮੀਟਰ ਦੌੜ, ਰਿਲੇਅ ਰੇਸ, ਲੰਬੀ ਛਾਲ, ਸ਼ਾਟ ਪੁੱਟ, ਰੱਸਾਕਸ਼ੀ ਸਮੇਤ ਕਈ ਦਿਲਚਸਪ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਪੂਰੇ ਜੋਸ਼ ਤੇ ਆਤਮ-ਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਖਾਸ ਕਰਕੇ ਰੱਸਾਕਸ਼ੀ ਦੇ ਫਾਈਨਲ ਮੁਕਾਬਲੇ ਨੇ ਖੇਡ ਮੈਦਾਨ ’ਚ ਖੂਬ ਰੌਣਕ ਲਾਈ ਤੇ ਵਿਦਿਆਰਥੀਆਂ ਤੇ ਦਰਸ਼ਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੇ ਮੁਕਾਬਲਿਆਂ ’ਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਸਮੁੱਚੇ ਪ੍ਰਦਰਸ਼ਨ ਦੇ ਆਧਾਰ ’ਤੇ ਪ੍ਰਿਥਵੀ ਹਾਊਸ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਂ ਕੀਤੀ। ਵਾਯੂ ਹਾਊਸ ਨੇ ਦੂਜਾ ਸਥਾਨ ਹਾਸਲ ਕਰਕੇ ਰਨਰ-ਅੱਪ ਟਰਾਫੀ ਜਿੱਤੀ, ਜਦਕਿ ਆਕਾਸ਼ ਹਾਊਸ ਤੀਜੇ ਸਥਾਨ ’ਤੇ ਰਿਹਾ। ਸਮਾਪਤੀ ਸਮਾਰੋਹ ਦੌਰਾਨ ਸਕੂਲ ਦੀ ਗਿੱਧਾ ਟੀਮ ਵੱਲੋਂ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਅਮੀਰ ਝਲਕ ਪੇਸ਼ ਕਰਦਾ ਸ਼ਾਨਦਾਰ ਗਿੱਧਾ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਦੀ ਇਸ ਪੇਸ਼ਕਾਰੀ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਤੇ ਯਾਦਗਾਰੀ ਬਣਾ ਦਿੱਤਾ, ਜਿਸ ਦਾ ਹਾਜ਼ਰ ਮਹਿਮਾਨਾਂ ਤੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।