ਦੇਸ਼ ਪੱਧਰੀ ਅਭਿਆਸ : ਨੰਗਲ ਦੇ ਐੱਨਐੱਫਐੱਲ ’ਚ ਹੋਈ ਏਅਰ ਰੇਡ ਤੇ ਬਲੈਕਆਊਟ ਮੌਕ ਡ੍ਰਿਲ ਦੇਸ਼ ਪੱਧਰੀ ਅਭਿਆਸ ਤਹਿਤ ਨੰਗਲ ਦੇ ਐੱਨਐੱਫਐੱਲ 'ਚ ਹੋਈ ਏਅਰ ਰੇਡ ’ਤੇ ਬਲੈਕਆਊਟ ਮੌਕ ਡ੍ਰਿਲ
Publish Date: Sat, 28 Nov 2026 04:26 PM (IST)
Updated Date: Sat, 28 Nov 2026 04:28 PM (IST)
ਐੱਨਡੀਆਰਐੱਫ, ਫਾਇਰ ਬ੍ਰਿਗੇਡ ਤੇ ਸਿਵਲ ਡਿਫੈਂਸ ਨੇ ਦਿਖਾਇਆ ਬਿਹਤਰੀਨ ਤਾਲਮੇਲ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਭਰ ’ਚ ਕਰਵਾਏ ਜਾ ਰਹੇ ਰਾਸ਼ਟਰੀ ਪੱਧਰੀ ਅਭਿਆਸ ਤਹਿਤ ਬੀਤੀ ਸ਼ਾਮ ਨੰਗਲ ਸਥਿਤ ਐੱਨਐੱਫਐੱਲ ’ਚ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕਆਊਟ ਮੌਕ ਡ੍ਰਿਲ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕ ਡ੍ਰਿਲ ਦੌਰਾਨ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਅੱਗ ਬੁਝਾਊ, ਬਚਾਅ ਕਾਰਜ, ਮੁੱਢਲੀ ਸਹਾਇਤਾ ਤੇ ਮੈਡੀਕਲ ਸਹਾਇਤਾ ਸਬੰਧੀ ਵਿਆਪਕ ਅਭਿਆਸ ਕੀਤਾ ਗਿਆ। ਇਸ ’ਚ ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, ਫਾਇਰ ਸਰਵਿਸਿਜ਼, ਐੱਨਡੀਆਰਐੱਫ, ਸੀਆਈਐੱਸਐੱਫ, ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਵਲੰਟੀਅਰਾਂ ਦੀਆਂ ਟੀਮਾਂ ਨੇ ਆਪਸੀ ਤਾਲਮੇਲ ਨਾਲ ਹਿੱਸਾ ਲਿਆ। ਮੌਕ ਡ੍ਰਿਲ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਨੰਗਲ ਸ਼ਿਵਾਂਸ਼ ਰਾਠੀ ਨੇ ਦੱਸਿਆ ਕਿ ਅਭਿਆਸ ਦੌਰਾਨ ਅਜਿਹੀ ਸਥਿਤੀ ਤਿਆਰ ਕੀਤੀ ਗਈ ਸੀ ਕਿ ਜੇਕਰ ਜੰਗੀ ਹਾਲਾਤਾਂ ’ਚ ਕੋਈ ਬੰਬਾਰੀ ਜਾਂ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਜ਼ਖ਼ਮੀਆਂ ਨੂੰ ਕਿਵੇਂ ਸੰਭਾਲਿਆ ਜਾਵੇਗਾ। ਇਸ ਤਹਿਤ ਇਮਾਰਤ ’ਚ 15 ਜ਼ਖ਼ਮੀਆਂ ਨੂੰ ਬਚਾਉਣ, ਲੱਗੀ ਅੱਗ ’ਤੇ ਕਾਬੂ ਪਾਉਣ ਤੇ ਗੈਸ ਲੀਕ ਜਾਂ ਕੈਮੀਕਲ ਹਮਲੇ ਵਰਗੀ ਸਥਿਤੀ ਨਾਲ ਨਜਿੱਠਣ ਦਾ ਅਭਿਆਸ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੇ 15 ਮਿੰਟਾਂ ਤੋਂ ਵੀ ਘੱਟ ਸਮੇਂ ’ਚ ਪੂਰੇ ਕੰਪਲੈਕਸ ਦਾ ਬਚਾਅ ਕਾਰਜ ਸਫਲਤਾਪੂਰਵਕ ਮੁਕੰਮਲ ਕਰ ਲਿਆ। ਐੱਨਐੱਫਐੱਲ ਤੇ ਬੀਬੀਐੱਮਬੀ ਵਰਗੇ ਸੰਵੇਦਨਸ਼ੀਲ ਇਲਾਕਿਆਂ ਦੇ ਮੱਦੇਨਜ਼ਰ ਐੱਨਡੀਆਰਐੱਫ ਦੀ ਵਿਸ਼ੇਸ਼ ਟੁਕੜੀ ਨੂੰ ਖਾਸ ਉਪਕਰਨਾਂ ਤੇ ਗੈਸ ਮਾਸਕਾਂ ਸਮੇਤ ਬੁਲਾਇਆ ਗਿਆ ਸੀ। ਉਨ੍ਹਾਂ ਲੋਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਕਿ ਕਿਸੇ ਵੀ ਹੰਗਾਮੀ ਸਥਿਤੀ ’ਚ ਘਬਰਾਉਣ ਦੀ ਲੋੜ ਨਹੀਂ ਹੈ ਤੇ ਲੋਕ ਸ਼ੋਸ਼ਲ ਮੀਡੀਆ ਜਾਂ ਵਟਸਐਪ ਦੀਆਂ ਅਫਵਾਹਾਂ ’ਤੇ ਭਰੋਸਾ ਕਰਨ ਦੀ ਬਜਾਏ ਸਿਰਫ਼ ਸਰਕਾਰੀ ਤੇ ਪ੍ਰਸ਼ਾਸਨਿਕ ਸੂਚਨਾਵਾਂ ਦੀ ਹੀ ਪਾਲਣਾ ਕਰਨ। ਸਿਵਲ ਡਿਫੈਂਸ ਤੋਂ ਅਮ੍ਰਿਤ ਸਿੰਘ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਇਹ ਮੌਕ ਡ੍ਰਿਲ ਪੂਰੇ ਦੇਸ਼ ’ਚ ਇੱਕੋ ਸਮੇਂ ਕਰਵਾਈ ਗਈ ਹੈ ਤੇ ਹੁਣ ਇਹ ਅਭਿਆਸ ਸਾਲ ’ਚ ਦੋ ਵਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਆਮ ਨਾਗਰਿਕਾਂ ਤੇ ਸਿਵਲ ਡਿਫੈਂਸ ਵਲੰਟੀਅਰਾਂ ਦੀ ਤਿਆਰੀ ਨੂੰ ਪਰਖਣਾ ਹੈ ਤਾਂ ਜੋ ਅਸਲ ਆਫ਼ਤ ਸਮੇਂ ਘਬਰਾਹਟ ਨਾ ਫੈਲੇ ਤੇ ਬਚਾਅ ਕਾਰਜਾਂ ਦੇ ਸਮੇਂ ਨੂੰ ਘਟਾਇਆ ਜਾ ਸਕੇ। ਫਾਇਰ ਬ੍ਰਿਗੇਡ ਕਰਮਚਾਰੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਐੱਸਡੀਐੱਮ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫਾਇਰ ਬ੍ਰਿਗੇਡ, ਐਂਬੂਲੈਂਸ ਤੇ ਐੱਨਡੀਆਰਐੱਫ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਅੱਗ ’ਤੇ ਕਾਬੂ ਪਾਇਆ। ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਤੇ ਪੂਰੀ ਇਮਾਰਤ ਦੀ ਬਾਰੀਕੀ ਨਾਲ ਜਾਂਚ ਕਰਕੇ 15 ਮਿੰਟਾਂ ਦੇ ਅੰਦਰ-ਅੰਦਰ ਸਾਰੀ ਸਥਿਤੀ ਸੁਰੱਖਿਅਤ ਹੋਣ ਦੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਗਈ। 7ਵੀਂ ਐੱਨਡੀਆਰਐੱਫ ਬਠਿੰਡਾ ਤੋਂ ਪਹੁੰਚੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਕੈਮੀਕਲ ਲੀਕੇਜ ਦੀ ਸਥਿਤੀ ’ਚ ਪੂਰੀ ਪੀਪੀਈ ਕਿੱਟ ਤੇ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਖਾਸ ਯੰਤਰਾਂ ਰਾਹੀਂ ਲੀਕ ਹੋਈ ਗੈਸ ਜਾਂ ਕੈਮੀਕਲ ਦੀ ਪਛਾਣ ਕਰਕੇ ਗ੍ਰੀਨ ਜ਼ੋਨ ਤੇ ਰੈੱਡ ਜ਼ੋਨ ਤੈਅ ਕੀਤੇ ਜਾਂਦੇ ਹਨ, ਜਿਸ ਉਪਰੰਤ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਮੈਡੀਕਲ ਟੀਮ ਦੇ ਹਵਾਲੇ ਕੀਤਾ ਜਾਂਦਾ ਹੈ। ਇਸ ਮੌਕ ਡ੍ਰਿਲ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਦਿਨ ਭਰ ਸ਼ਹਿਰ ’ਚ ਮੁਨਾਦੀ ਕਰਵਾ ਕੇ ਲੋਕਾਂ ਨੂੰ ਅਭਿਆਸ ਤੇ ਬਲੈਕਆਊਟ ਬਾਰੇ ਜਾਗਰੂਕ ਵੀ ਕੀਤਾ ਗਿਆ ਸੀ।