ਦਇਆ ਤੇ ਹਮਦਰਦੀ ਨਾਲ ਹੀ ਬਣ ਸਕਦੈ ਖੁਸ਼ਹਾਲ ਸਮਾਜ : ਵਿਕਰਮ ਸਿੰਘ ਸੋਢੀ ਦਇਆ ਅਤੇ ਹਮਦਰਦੀ ਨਾਲ ਹੀ ਬਣ ਸਕਦਾ ਹੈ ਖੁਸ਼ਹਾਲ ਸਮਾਜ : ਵਿਕਰਮ ਸਿੰਘ ਸੋਢੀ
Publish Date: Sat, 28 Nov 2026 03:51 PM (IST)
Updated Date: Sat, 28 Nov 2026 03:53 PM (IST)
ਵਿਸ਼ਵ ਕਰੁਣਾ ਦਿਵਸ ਮੌਕੇ ਲੋਕਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਦਿੱਤਾ ਸੰਦੇਸ਼ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਵਿਸ਼ਵ ਕਰੁਣਾ ਦਿਵਸ ਦੇ ਮੌਕੇ ’ਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਤੇ ਰਾਜਨੀਤਿਕ ਆਗੂ ਵਿਕਰਮ ਸਿੰਘ ਸੋਢੀ ਨੇ ਕਿਹਾ ਕਿ ਦਇਆ, ਹਮਦਰਦੀ ਤੇ ਮਨੁੱਖਤਾ ਦੀ ਸੇਵਾ ਅਜਿਹੇ ਗੁਣ ਹਨ, ਜਿਨ੍ਹਾਂ ਨਾਲ ਨਾ ਸਿਰਫ਼ ਕਿਸੇ ਲੋੜਵੰਦ ਦੀ ਜ਼ਿੰਦਗੀ ’ਚ ਬਦਲਾਅ ਲਿਆਂਦਾ ਜਾ ਸਕਦਾ ਹੈ, ਸਗੋਂ ਇੱਕ ਚੰਗੇ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਰੁਝੇਵਿਆਂ ਭਰੇ ਜੀਵਨ ’ਚ ਮਨੁੱਖ ਆਪਣੇ ਨਿੱਜੀ ਕੰਮਾਂ ’ਚ ਇੰਨਾ ਉਲਝ ਗਿਆ ਹੈ ਕਿ ਉਸ ਕੋਲ ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣ ਲਈ ਸਮਾਂ ਘੱਟ ਰਹਿ ਗਿਆ ਹੈ। ਅਜਿਹੇ ’ਚ ਵਿਸ਼ਵ ਕਰੁਣਾ ਦਿਵਸ ਸਾਨੂੰ ਮਨੁੱਖਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਯਾਦ ਕਰਵਾਉਂਦਾ ਹੈ। ਵਿਕਰਮ ਸਿੰਘ ਸੋਢੀ ਨੇ ਕਿਹਾ ਕਿ ਕਰੁਣਾ ਦਾ ਅਰਥ ਸਿਰਫ਼ ਕਿਸੇ ਨਾਲ ਹਮਦਰਦੀ ਜਤਾਉਣਾ ਹੀ ਨਹੀਂ, ਬਲਕਿ ਲੋੜ ਪੈਣ ਤੇ ਉਸ ਦੀ ਮਦਦ ਲਈ ਅੱਗੇ ਆਉਣਾ ਵੀ ਹੈ। ਕਿਸੇ ਭੁੱਖੇ ਨੂੰ ਭੋਜਨ ਦੇਣਾ, ਲੋੜਵੰਦ ਬੱਚੇ ਦੀ ਪੜ੍ਹਾਈ ’ਚ ਸਹਿਯੋਗ ਕਰਨਾ, ਬਿਮਾਰ ਵਿਅਕਤੀ ਦੀ ਸਹਾਇਤਾ ਕਰਨਾ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਵੀ ਮਨੁੱਖਤਾ ਦੀ ਸੇਵਾ ਦੇ ਉੱਤਮ ਉਦਾਹਰਨ ਹਨ। ਉਨ੍ਹਾਂ ਕਿਹਾ ਕਿ ਸਮਾਜ ’ਚ ਵਧ ਰਹੀ ਨਫ਼ਰਤ, ਆਪਸੀ ਦੂਰੀ ਤੇ ਸੁਆਰਥ ਦੀ ਭਾਵਨਾ ਨੂੰ ਖਤਮ ਕਰਨ ਲਈ ਸਾਨੂੰ ਆਪਣੇ ਬੱਚਿਆਂ ’ਚ ਬਚਪਨ ਤੋਂ ਹੀ ਦਇਆ, ਪਿਆਰ, ਸਹਿਣਸ਼ੀਲਤਾ ਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸਮਾਜ ਦੀ ਤਰੱਕੀ ਸਿਰਫ਼ ਆਰਥਿਕ ਖੁਸ਼ਹਾਲੀ ਨਾਲ ਨਹੀਂ, ਸਗੋਂ ਲੋਕਾਂ ਦੇ ਆਪਸੀ ਪਿਆਰ ਤੇ ਸਹਿਯੋਗ ਨਾਲ ਵੀ ਮਾਪੀ ਜਾਂਦੀ ਹੈ। ਅੰਤ ’ਚ ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਵਸ ਨੂੰ ਸਿਰਫ਼ ਰਸਮੀ ਤੌਰ ਤੇ ਮਨਾਉਣ ਦੀ ਬਜਾਏ ਆਪਣੀ ਜ਼ਿੰਦਗੀ ’ਚ ਦਇਆ ਤੇ ਹਮਦਰਦੀ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਹਰ ਵਿਅਕਤੀ ਕਿਸੇ ਇੱਕ ਲੋੜਵੰਦ ਦੀ ਮਦਦ ਕਰਨ ਦਾ ਸੰਕਲਪ ਲਵੇ ਤਾਂ ਸਮਾਜ ’ਚ ਵੱਡੀ ਤਬਦੀਲੀ ਲਿਆਂਦੀ ਜਾ ਸਕਦੀ ਹੈ।