ਭਗਤੀ ਨਾਲ ਮਿਟਦੈ ਹੰਕਾਰ : ਆਚਾਰੀਆ ਨੀਲਕੰਠ ਕੌਸ਼ਲ ਭਗਵਾਨ ਦੀ ਭਗਤੀ ਮਨੁੱਖ ਨੂੰ ਹੰਕਾਰ ਤੋਂ ਦੂਰ ਕਰਕੇ ਸੇਵਾ ’ਤੇ ਸਿਮਰਨ ਦੇ ਮਾਰਗ ’ਤੇ ਤੋਰਦੀ ਹੈ : ਆਚਾਰੀਆ ਨੀਲਕੰਠ ਕੌਸ਼ਲ
Publish Date: Sat, 28 Nov 2026 03:45 PM (IST)
Updated Date: Sat, 28 Nov 2026 03:47 PM (IST)
ਕਥਾ ਦੌਰਾਨ ਸੰਗਤਾਂ ਨੂੰ ਦਿੱਤਾ ਧਰਮ, ਕਰਮ ਤੇ ਸਦਾਚਾਰ ਦਾ ਸੰਦੇਸ਼ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸਥਾਨਕ ਸ਼ਿਵ ਮੰਦਰ ਵਿਖੇ ਮਹਿਲਾ ਕੀਰਤਨ ਮੰਡਲੀ ਨੂਰਪੁਰਬੇਦੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਸੰਮਤ ਗਿਰੀ ਤੇ ਮਹੰਤ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੌਰਾਨ ਪ੍ਰਵਚਨ ਕਰਦਿਆਂ ਪ੍ਰਸਿੱਧ ਕਥਾ ਵਾਚਕ ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਉਦੇਸ਼ ਕੇਵਲ ਧਨ-ਦੌਲਤ ਇਕੱਠੀ ਕਰਨਾ ਨਹੀਂ, ਸਗੋਂ ਪਰਮਾਤਮਾ ਦੀ ਭਗਤੀ ਕਰਦਿਆਂ ਆਪਣੇ ਜੀਵਨ ਨੂੰ ਸੇਵਾ, ਸਿਮਰਨ ਤੇ ਸਦਾਚਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਜਿਸ ਮਨੁੱਖ ਦੇ ਜੀਵਨ ’ਚ ਧਾਰਮਿਕ ਸੰਸਕਾਰ, ਨਿਮਰਤਾ ਤੇ ਦੂਜਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੁੰਦੀ ਹੈ, ਉਹ ਹਮੇਸ਼ਾ ਸਮਾਜ ’ਚ ਚੰਗਾ ਸਥਾਨ ਪ੍ਰਾਪਤ ਕਰਦਾ ਹੈ। ਆਚਾਰੀਆ ਨੀਲਕੰਠ ਕੌਸ਼ਲ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਮਹਾਪੁਰਾਣ ਮਨੁੱਖ ਨੂੰ ਜੀਵਨ ਜਿਊਣ ਦੀ ਸਹੀ ਸੇਧ ਦਿੰਦਾ ਹੈ। ਭਗਵਾਨ ਦੀਆਂ ਲੀਲਾਵਾਂ ਸਾਨੂੰ ਸਿਖਾਉਂਦੀਆਂ ਹਨ ਕਿ ਜੀਵਨ ’ਚ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਕਿਉਂ ਨਾ ਆਉਣ, ਮਨੁੱਖ ਨੂੰ ਆਪਣਾ ਵਿਸ਼ਵਾਸ ਤੇ ਸਬਰ ਕਦੇ ਨਹੀਂ ਛੱਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹੰਕਾਰ, ਲੋਭ ਤੇ ਕ੍ਰੋਧ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਜਦਕਿ ਪ੍ਰੇਮ, ਦਇਆ, ਪਰਉਪਕਾਰ ਤੇ ਸੱਚਾਈ ਅਜਿਹੇ ਗੁਣ ਹਨ ਜੋ ਮਨੁੱਖ ਨੂੰ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੇ ਹਨ। ਉਨ੍ਹਾਂ ਸੰਗਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਚੰਗੇ ਸੰਸਕਾਰਾਂ ਨਾਲ ਸਮਾਜ ਦੀ ਉਸਾਰੀ ’ਚ ਯੋਗਦਾਨ ਪਾ ਸਕੇ। ਉਨ੍ਹਾਂ ਕਿਹਾ ਕਿ ਕਥਾ ਸੁਣਨ ਦਾ ਅਸਲ ਲਾਭ ਉਦੋਂ ਹੈ ਜਦੋਂ ਇਸ ਵਿੱਚੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਜੀਵਨ ’ਚ ਅਮਲ ’ਚ ਲਿਆਂਦਾ ਜਾਵੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਪਾਠਕ ਨੇ ਵੀ ਉਚੇਚੇ ਤੌਰ ’ਤੇ ਕਥਾ ਸਮਾਗਮ ’ਚ ਸ਼ਿਰਕਤ ਕਰਦਿਆਂ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਆਚਾਰੀਆ ਨੀਲਕੰਠ ਕੌਸ਼ਲ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਧਾਰਮਿਕ ਸਮਾਗਮ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਭੇਟ ਕੀਤੀ। ਇਸ ਮੌਕੇ ਕੀਰਤਨ ਮੰਡਲੀ ਦੇ ਸਮੂਹ ਮੈਂਬਰ ਹੋਰ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਕੈਪਸ਼ਨ: ਸ਼ਿਵ ਮੰਦਿਰ ਨੂਰਪੁਰਬੇਦੀ ’ਚ ਸ਼੍ਰੀਮਦ ਭਾਗਵਤ ਕਥਾ ਦੌਰਾਨ ਪ੍ਰਵਚਨ ਕਰਦੇ ਅਚਾਰੀਆ ਨੀਲਕੰਠ ਤੇ ਹਾਜ਼ਰ ਸੰਗਤਾਂ ।