ਕੌਮਾਂਤਰੀ ਕਬੱਡੀ ’ਚ ਯੁਵਰਾਜ ਠਾਕੁਰ ਨੇ ਚਮਕਾਇਆ ਦੇਸ਼ ਤੇ ਕਾਲਜ ਦਾ ਨਾਮ ਅੰਤਰਰਾਸ਼ਟਰੀ ਕਬੱਡੀ ਕੱਪ ’ਚ ਖਾਲਸਾ ਕਾਲਜ ਦੇ ਯੁਵਰਾਜ ਠਾਕੁਰ ਨੇ ਚਮਕਾਇਆ ਦੇਸ਼ ’ਤੇ ਕਾਲਜ ਦਾ ਨਾਮ
Publish Date: Thu, 26 Nov 2026 06:27 PM (IST)
Updated Date: Thu, 26 Nov 2026 06:28 PM (IST)
ਭਾਰਤੀ ਟੀਮ ਨੇ ਕਾਠਮੰਡੂ ’ਚ ਜਿੱਤਿਆ ਗੋਲਡ, ਯੁਵਰਾਜ ਠਾਕੁਰ ਬਣੇ ‘ਮੈਨ ਆਫ਼ ਦਾ ਮੈਚ’ ਪੰਜਾਬੀ ਜਾਗਰਣ ਟੀਮ, ਸ੍ਰੀ ਅਨੰਦਪੁਰ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਹੋਣਹਾਰ ਕਬੱਡੀ ਖਿਡਾਰੀ ਯੁਵਰਾਜ ਠਾਕੁਰ ਨੇ ਕਾਠਮੰਡੂ, ਨੇਪਾਲ ਵਿਖੇ ਕਰਵਾਏ ਗਏ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਕਬੱਡੀ ਕੱਪ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਅੰਤਰਰਾਸ਼ਟਰੀ ਮੁਕਾਬਲੇ ’ਚ ਭਾਰਤ ਨੇ ਸੋਨ ਤਮਗਾ ਜਿੱਤ ਕੇ ਪੂਰੀ ਦੁਨੀਆ ਦੇ ’ਚ ਦੇਸ਼ ਦਾ ਨਾਮ ਰੌਸ਼ਨ ਕੀਤਾ, ਜਦਕਿ ਯੁਵਰਾਜ ਠਾਕੁਰ ਨੇ ਆਪਣੇ ਬਿਹਤਰੀਨ ਖੇਡ ਪ੍ਰਦਰਸ਼ਨ ਸਦਕਾ ‘ਮੈਨ ਆਫ਼ ਦਾ ਮੈਚ’ ਦਾ ਵੱਕਾਰੀ ਖਿਤਾਬ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਯੁਵਰਾਜ ਠਾਕੁਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਾ ਅਤੇ ਅਜਿਹੇ ਵੱਕਾਰੀ ਖਿਤਾਬ ਹਾਸਲ ਕਰਨਾ ਕਿਸੇ ਵੀ ਖਿਡਾਰੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਯੁਵਰਾਜ ਦੀ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦਾ ਨਤੀਜਾ ਹੈ। ਇਸ ਮੌਕੇ ਉਨ੍ਹਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਸ਼ੋਕ ਕੁਮਾਰ, ਪ੍ਰੋ. ਜਗਵੰਤ ਸਿੰਘ ਅਤੇ ਕਬੱਡੀ ਕੌਚ ਗੁਰਦੇਵ ਸਿੰਘ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਅਗਵਾਈ ਅਤੇ ਮਾਰਗਦਰਸ਼ਨ ਸਦਕਾ ਖਿਡਾਰੀ ਨੇ ਇਸ ਮੁਕਾਮ ਨੂੰ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਵੱਲੋਂ ਇਸ ਅੰਤਰਰਾਸ਼ਟਰੀ ਪ੍ਰਾਪਤੀ ’ਤੇ ਮਾਣ ਪ੍ਰਗਟ ਕਰਦਿਆਂ ਯੁਵਰਾਜ ਠਾਕੁਰ ਨੂੰ ਉਸ ਦੇ ਸੁਨਹਿਰੀ ਭਵਿੱਖ ਅਤੇ ਹੋਰ ਵੱਡੀਆਂ ਖੇਡ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।