ਸੰਵਿਧਾਨ ਸਿਰਫ਼ ਇੱਕ ਕਿਤਾਬ ਨਹੀਂ, ਸਾਡੇ ਜਿਊਣ ਦਾ ਢੰਗ : ਹਰਜੋਤ ਬੈਂਸ ਸੰਵਿਧਾਨ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਸਾਡੇ ਜਿਊਣ ਦਾ ਢੰਗ ਹੈ: ਹਰਜੋਤ ਬੈਂਸ
Publish Date: Thu, 26 Nov 2026 05:48 PM (IST)
Updated Date: Thu, 26 Nov 2026 05:49 PM (IST)
• ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਦਿੱਤਾ ਬਰਾਬਰੀ ਦਾ ਹੱਕ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਸੰਵਿਧਾਨ ਦਿਵਸ ਦੇ ਮੌਕੇ ’ਤੇ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਨਤਮਸਤਕ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਦੇਸ਼ ਦਾ ਸੰਵਿਧਾਨ ਅਪਣਾਇਆ ਗਿਆ ਸੀ, ਜਦਕਿ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਸਿਰਫ਼ ਇੱਕ ਕਿਤਾਬ ਨਹੀਂ, ਸਗੋਂ ਸਾਡੇ ਜਿਊਣ ਦਾ ਢੰਗ ਹੈ, ਜੋ ਸਾਨੂੰ ਆਜ਼ਾਦੀ, ਬਰਾਬਰੀ ਤੇ ਨਿਆਂ ਦੇ ਸਿਧਾਂਤਾਂ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਹਾਨ ਰਹਿਬਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਦਾ ਕਦੇ ਵੀ ਦੇਣਾ ਨਹੀਂ ਦੇ ਸਕਦੇ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਸੰਵਿਧਾਨਾਂ ਦਾ ਡੂੰਘਾਈ ਨਾਲ ਅਧਿਐਨ ਕਰਕੇ ਭਾਰਤ ਨੂੰ ਇੱਕ ਸ਼ਾਨਦਾਰ ਸੰਵਿਧਾਨ ਦਿੱਤਾ। ਇਸ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੱਤਾ ਤੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪਵਿੱਤਰ ਦਿਹਾੜੇ ’ਤੇ ਅਸੀਂ ਬਾਬਾ ਸਾਹਿਬ, ਦੇਸ਼ ਦੇ ਸ਼ਹੀਦਾਂ ਤੇ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਨਮਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਆਮ ਆਦਮੀ ਪਾਰਟੀ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਅੱਜ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ। ਉਨ੍ਹਾਂ ਕਿਹਾ ਕਿ 14 ਸਾਲ ਪਹਿਲਾਂ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦਾ ਸਫ਼ਰ ਅੱਜ ਇੱਕ ਕੌਮੀ ਪਾਰਟੀ ਤੱਕ ਪਹੁੰਚ ਚੁੱਕਾ ਹੈ। ਪਾਰਟੀ ਨੇ ਦਿੱਲੀ ’ਚ ਸਰਕਾਰ ਚਲਾਈ ਤੇ ਪੰਜਾਬ ’ਚ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗੁਜਰਾਤ ਤੇ ਜੰਮੂ-ਕਸ਼ਮੀਰ ’ਚ ਵੀ ਪਾਰਟੀ ਨੇ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸੰਵਿਧਾਨ ਵੱਲੋਂ ਦਿੱਤੇ ਲੋਕਤੰਤਰੀ ਅਧਿਕਾਰਾਂ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਅਪੀਲ ਕੀਤੀ ਕਿ ਆਓ, ਸਾਰੇ ਮਿਲ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸੁਪਨਿਆਂ ਤੇ ਸੰਵਿਧਾਨ ’ਚ ਦਰਜ ਮੂਲ ਸਿਧਾਂਤਾਂ ਦੀ ਰਾਖੀ ਕਰਨ ਦਾ ਸੰਕਲਪ ਲਈਏ ਤੇ ਇੱਕ ਬਰਾਬਰੀ, ਨਿਆਂਪੂਰਨ ਤੇ ਮਜ਼ਬੂਤ ਭਾਰਤ ਦੀ ਸਿਰਜਣਾ ’ਚ ਆਪਣਾ ਯੋਗਦਾਨ ਪਾਈਏ।