ਬਾਲ ਵਿਆਹ ਸਮਾਜ ਲਈ ਕਲੰਕ, ਧੀਆਂ ਨੂੰ ਦਿਓ ਸਿੱਖਿਆ ਤੇ ਆਜ਼ਾਦੀ ਬਾਲ ਵਿਆਹ ਸਮਾਜ ਲਈ ਕਲੰਕ, ਧੀਆਂ ਨੂੰ ਦਿਓ ਸਿੱਖਿਆ ਅਤੇ ਆਜ਼ਾਦੀ
Publish Date: Thu, 26 Nov 2026 05:42 PM (IST)
Updated Date: Thu, 26 Nov 2026 05:43 PM (IST)
ਧੀਆਂ ਦੇ ਸੁਨਹਿਰੀ ਭਵਿੱਖ ਲਈ ਸਮਾਜ ਦੀ ਸੋਚ ਬਦਲਣੀ ਸਮੇਂ ਦੀ ਮੁੱਖ ਲੋੜ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਬਾਲ ਵਿਆਹ ਸਮਾਜ ਦੀਆਂ ਗੰਭੀਰ ਸਮਾਜਿਕ ਬੁਰਾਈਆਂ ’ਚੋਂ ਇੱਕ ਹੈ, ਜੋ ਬੱਚਿਆਂ ਦੇ ਸੁਪਨਿਆਂ, ਸਿੱਖਿਆ ਤੇ ਸਿਹਤ ਉੱਤੇ ਮਾੜਾ ਪ੍ਰਭਾਵ ਪਾਉਂਦਾ ਹੈ। ਬੱਚਿਆਂ ਦਾ ਬਚਪਨ ਖੋਹਣ ਦੀ ਬਜਾਏ ਉਨ੍ਹਾਂ ਨੂੰ ਪੜ੍ਹਨ, ਅੱਗੇ ਵਧਣ ਤੇ ਆਪਣੀ ਜ਼ਿੰਦਗੀ ਦੇ ਫ਼ੈਸਲੇ ਲੈਣ ਦੇ ਯੋਗ ਬਣਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ ਕੁਲਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਬਾਲ ਵਿਆਹ ਵਰਗੀ ਸਮਾਜਿਕ ਕੁਰੀਤੀ ਨੂੰ ਖ਼ਤਮ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਵੀ ਪੱਖੋਂ ਪੁੱਤਰਾਂ ਨਾਲੋਂ ਘੱਟ ਨਹੀਂ ਹਨ ਤੇ ਉਨ੍ਹਾਂ ਨੂੰ ਵੀ ਆਪਣੇ ਸੁਪਨੇ ਪੂਰੇ ਕਰਨ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਅੱਜ ਲੋੜ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਬੋਝ ਸਮਝਣ ਦੀ ਬਜਾਏ ਉਨ੍ਹਾਂ ਦੀ ਪੜ੍ਹਾਈ ਤੇ ਚੰਗੇ ਭਵਿੱਖ ਵਿੱਚ ਨਿਵੇਸ਼ ਕਰਨ। ਉਨ੍ਹਾਂ ਕਿਹਾ ਕਿ ਬਾਲ ਵਿਆਹ ਕਾਰਨ ਲੜਕੀਆਂ ਦੀ ਸਿੱਖਿਆ ਅਧੂਰੀ ਰਹਿ ਜਾਂਦੀ ਹੈ ਤੇ ਉਹ ਕਈ ਸਮਾਜਿਕ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ। ਸਰਕਾਰ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ ਤੇ ਪੰਚਾਇਤਾਂ ਨੂੰ ਵੀ ਇਸ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ। ਮਾਪੇ ਦੇਣ ਧੀਆਂ ਦੀ ਸਿਹਤ ਨੂੰ ਪਹਿਲ ਡਾ. ਮਨਪ੍ਰੀਤ ਕੌਰ, ਗਾਇਨੀ ਸਪੈਸ਼ਲਿਸਟ ਨੇ ਕਿਹਾ ਕਿ ਛੋਟੀ ਉਮਰ ਵਿੱਚ ਵਿਆਹ ਤੇ ਗਰਭ ਧਾਰਨ ਕਰਨਾ ਲੜਕੀਆਂ ਦੀ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਕਰ ਸਕਦਾ ਹੈ। ਘੱਟ ਉਮਰ ਵਿੱਚ ਮਾਂ ਬਣਨ ਨਾਲ ਮਾਂ ਤੇ ਬੱਚੇ ਦੋਵਾਂ ਦੀ ਸਿਹਤ ਪ੍ਰਭਾਵਿਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸ਼ੋਰ ਉਮਰ ਸਰੀਰਕ ਤੇ ਮਾਨਸਿਕ ਵਿਕਾਸ ਦਾ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਦੌਰਾਨ ਬੱਚੀਆਂ ਨੂੰ ਪੌਸ਼ਟਿਕ ਖੁਰਾਕ, ਸਹੀ ਸਿਹਤ ਸਿੱਖਿਆ ਤੇ ਪਰਿਵਾਰਕ ਸਹਿਯੋਗ ਦੀ ਲੋੜ ਹੁੰਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਧੀਆਂ ਦੀ ਸਿਹਤ ਤੇ ਸਿੱਖਿਆ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਬਾਲ ਵਿਆਹ ਰੋਕਣ ਲਈ ਸਿਹਤ ਵਿਭਾਗ ਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਹਰ ਬੱਚੀ ਸਿਹਤਮੰਦ ਤੇ ਸੁਰੱਖਿਅਤ ਜੀਵਨ ਬਤੀਤ ਕਰ ਸਕੇ। ਰੂੜੀਵਾਦੀ ਸੋਚ ਤਿਆਗਣ ਦੀ ਲੋੜ ਹਰਜੀਤ ਕੌਰ, ਪ੍ਰਧਾਨ ਮਾਤਾ ਜੀਤੋ ਜੀ ਜੱਚਾ-ਬੱਚਾ ਸੰਸਥਾ ਨੇ ਕਿਹਾ ਕਿ ਬੱਚਿਆਂ ਦਾ ਬਚਪਨ ਖੇਡਣ, ਪੜ੍ਹਨ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੁੰਦਾ ਹੈ, ਨਾ ਕਿ ਵਿਆਹ ਵਰਗੀਆਂ ਜ਼ਿੰਮੇਵਾਰੀਆਂ ਦਾ ਬੋਝ ਚੁੱਕਣ ਲਈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅੱਜ ਵੀ ਕਈ ਥਾਵਾਂ ’ਤੇ ਪੁਰਾਣੀਆਂ ਰੂੜ੍ਹੀਵਾਦੀ ਸੋਚਾਂ ਕਾਰਨ ਧੀਆਂ ਨੂੰ ਛੋਟੀ ਉਮਰ ਵਿੱਚ ਵਿਆਹ ਦਿੱਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦਾ ਭਵਿੱਖ ਪ੍ਰਭਾਵਿਤ ਹੁੰਦਾ ਹੈ। ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਉੱਚ ਸਿੱਖਿਆ ਤੇ ਹੁਨਰ ਹਾਸਲ ਕਰਨ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਜੀਤੋ ਜੀ ਜੱਚਾ-ਬੱਚਾ ਸੰਸਥਾ ਵੱਲੋਂ ਵੀ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਹਰ ਬੱਚੀ ਨੂੰ ਸਨਮਾਨ, ਸੁਰੱਖਿਆ ਤੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਸਮੁੱਚੇ ਤੌਰ ’ਤੇ ਤਿੰਨਾਂ ਸ਼ਖ਼ਸੀਅਤਾਂ ਨੇ ਸਾਂਝਾ ਸੁਨੇਹਾ ਦਿੱਤਾ ਕਿ ਬਾਲ ਵਿਆਹ ਨੂੰ ਰੋਕਣਾ ਕੇਵਲ ਕਾਨੂੰਨ ਦੀ ਨਹੀਂ, ਸਗੋਂ ਸਮਾਜ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਧੀਆਂ ਨੂੰ ਸਿੱਖਿਆ, ਸਿਹਤ ਤੇ ਆਜ਼ਾਦੀ ਦੇ ਕੇ ਹੀ ਇੱਕ ਸਿਹਤਮੰਦ, ਸਿੱਖਿਅਤ ਤੇ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।