ਵਿਸ਼ਾਲ ਕਲਸ਼ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਸ਼੍ਰੀਮਦ ਭਾਗਵਤ ਕਥਾ ਸਬੰਧੀ ਕੱਢੀ ਵਿਸ਼ਾਲ ਕਲਸ਼ ਯਾਤਰਾ ਦਾ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਵਾਗਤ
Publish Date: Thu, 26 Nov 2026 05:18 PM (IST)
Updated Date: Thu, 26 Nov 2026 05:19 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਹਿਲਾ ਕੀਰਤਨ ਮੰਡਲੀ ਨੂਰਪੁਰਬੇਦੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਸ਼ਿਵ ਮੰਦਰ ਵਿਖੇ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਸਬੰਧ ’ਚ ਵਿਸ਼ਾਲ ਕਲਸ਼ ਯਾਤਰਾ ਤੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਰਾਧੇ-ਰਾਧੇ ਆਸ਼ਰਮ ਬਰੋਟਾ ਭਗਵਾਲਾ ਦੇ ਸੰਚਾਲਕ ਆਚਾਰੀਆ ਨੀਲਕੰਠ ਕੌਸ਼ਲ ਤੇ ਮਹੰਤ ਬਲਵਿੰਦਰ ਗਿਰੀ ਦੀ ਅਗਵਾਈ ਹੇਠ ਕੱਢੀ ਗਈ ਇਸ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਨ ਕੀਤਾ। ਇਹ ਕਲਸ਼ ਯਾਤਰਾ ਸਥਾਨਕ ਸ਼ਿਵ ਮੰਦਰ ਤੋਂ ਸ਼ਰਧਾ ਤੇ ਉਤਸ਼ਾਹ ਨਾਲ ਆਰੰਭ ਹੋਈ, ਜੋ ਮੁੱਖ ਬਾਜ਼ਾਰ, ਸ਼੍ਰੀ ਸੱਤ ਨਰਾਇਣ ਮੰਦਰ ਤੇ ਅੱਡਾ ਮਾਰਕੀਟ ਤੋਂ ਹੁੰਦੀ ਹੋਈ ਵਾਪਸ ਸ਼ਿਵ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਯਾਤਰਾ ਦੌਰਾਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਸ਼ਰਧਾਲੂਆਂ ਤੇ ਦੁਕਾਨਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਤੇ ਹੋਰ ਤਰੀਕਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਬੈਂਡ-ਵਾਜਿਆਂ ਤੇ ਢੋਲ ਦੀਆਂ ਮਨਮੋਹਕ ਧੁਨਾਂ ਦੇ ਨਾਲ ਸੰਗਤਾਂ ਵੱਲੋਂ ਲਗਾਏ ਜਾ ਰਹੇ ਰਾਧੇ-ਰਾਧੇ ਤੇ ਜੈ ਸ਼੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨੇ ਪੂਰੇ ਸ਼ਹਿਰ ਨੂੰ ਭਗਤੀਮਈ ਮਾਹੌਲ ’ਚ ਰੰਗ ਦਿੱਤਾ। ਮਹਿਲਾਵਾਂ ਵੱਲੋਂ ਸਿਰਾਂ ’ਤੇ ਸ਼ਰਧਾ ਨਾਲ ਸਜਾਏ ਕਲਸ਼ ਚੁੱਕ ਕੇ ਯਾਤਰਾ ’ਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦੇ ਪ੍ਰਵਚਨ ਰੋਜ਼ਾਨਾ ਸ਼ਾਮ 4 ਤੋਂ 7 ਵਜੇ ਤੱਕ ਆਚਾਰੀਆ ਨੀਲਕੰਠ ਕੌਸ਼ਲ ਵੱਲੋਂ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਸੰਗਤਾਂ ਨੂੰ ਧਾਰਮਿਕ ਤੇ ਅਧਿਆਤਮਿਕ ਵਿਚਾਰਾਂ ਨਾਲ ਜੋੜਿਆ ਜਾਵੇਗਾ। ਕਥਾ ਦੌਰਾਨ ਰੋਜ਼ਾਨਾ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 1 ਦਸੰਬਰ ਨੂੰ ਕਥਾ ਦਾ ਭੋਗ ਪਾਇਆ ਜਾਵੇਗਾ, ਜਿਸ ਉਪਰੰਤ ਹਵਨ-ਯੱਗ, ਸੰਤਾਂ ਦੀ ਪੰਗਤ ਤੇ ਸਮੂਹ ਸੰਗਤਾਂ ਲਈ ਲੰਗਰ ਦਾ ਆਯੋਜਨ ਹੋਵੇਗਾ। ਇਸ ਮੌਕੇ ਮਹਿਲਾ ਕੀਰਤਨ ਮੰਡਲੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ, ਧਾਰਮਿਕ ਸ਼ਖ਼ਸੀਅਤਾਂ ਤੇ ਮੰਦਰ ਦੇ ਸੇਵਾਦਾਰ ਵੀ ਮੌਜੂਦ ਸਨ।