• ਖੇਡਾਂ ਵਤਨ ਪੰਜਾਬ ਦੀਆਂ’ ’ਚ ਕੁਲਦੀਪ ਕੌਰ ਨੇ ਲੰਬੀ ਛਾਲ ’ਚ ਹਾਸਲ ਕੀਤਾ ਦੂਜਾ ਸਥਾਨ ਖੇਡਾਂ ਵਤਨ ਪੰਜਾਬ ਦੀਆਂ ’ਚ ਕੁਲਦੀਪ ਕੌਰ ਨੇ ਮਾਰੀ ਲੰਬੀ ਛਲਾਂਗ, ਪੰਜਾਬ ਭਰ ’ਚੋਂ ਹਾਸਲ ਕੀਤਾ ਦੂਜਾ ਸਥਾਨ
Publish Date: Thu, 26 Nov 2026 05:16 PM (IST)
Updated Date: Thu, 26 Nov 2026 05:19 PM (IST)
ਦਿਨੇਸ਼ ਚੱਢਾ ਤੇ ਨਿਸ਼ਾ ਚੱਢਾ ਨੇ ਸਨਮਾਨਿਤ ਕਰਕੇ ਵਧਾਇਆ ਹੌਂਸਲਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਖੇਡਾਂ ਦੇ ਖੇਤਰ ’ਚ ਔਰਤਾਂ ਵੀ ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਨਾਲ ਨਵੀਆਂ ਮੱਲਾਂ ਮਾਰ ਰਹੀਆਂ ਹਨ। ਇਸੇ ਦੀ ਇਕ ਮਿਸਾਲ ਪਿੰਡ ਬਾਹਮਣ ਮਾਜਰਾ ਦੀ ਸਖੀ ਕੁਲਦੀਪ ਕੌਰ ਨੇ ਪੇਸ਼ ਕੀਤੀ ਹੈ, ਜਿਸ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਪੰਜਾਬ ਪੱਧਰੀ ਖੇਡਾਂ ਦੌਰਾਨ ਲੰਬੀ ਛਲਾਂਗ ਦੇ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ ’ਚੋਂ ਦੂਜਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ 40 ਤੋਂ 50 ਸਾਲ ਉਮਰ ਵਰਗ ਦੇ ਲੰਬੀ ਛਲਾਂਗ ਮੁਕਾਬਲੇ ’ਚ ਸਖੀ ਕੁਲਦੀਪ ਕੌਰ ਨੇ ਹੋਰਨਾਂ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੰਦਿਆਂ ਇਹ ਪ੍ਰਾਪਤੀ ਆਪਣੇ ਨਾਮ ਕੀਤੀ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਪਿੰਡ ਬਾਹਮਣ ਮਾਜਰਾ ਸਮੇਤ ਸਮੁੱਚੇ ਇਲਾਕੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਉਮਰ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਖੇਡਾਂ ਪ੍ਰਤੀ ਜਜ਼ਬੇ ਤੇ ਮਿਹਨਤ ਦੀ ਪ੍ਰੇਰਨਾਦਾਇਕ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਹਲਕਾ ਵਿਧਾਇਕ ਦਿਨੇਸ਼ ਚੱਢਾ ਤੇ ਨਿਸ਼ਾ ਚੱਢਾ ਵੱਲੋਂ ਸਖੀ ਕੁਲਦੀਪ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਕੁਲਦੀਪ ਕੌਰ ਦੀ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਹੋਣਹਾਰ ਔਰਤਾਂ ਸਮਾਜ ਲਈ ਪ੍ਰੇਰਨਾ ਸਰੋਤ ਹਨ। ਖੇਡਾਂ ’ਚ ਉਨ੍ਹਾਂ ਦੀ ਭਾਗੀਦਾਰੀ ਨਾ ਸਿਰਫ਼ ਉਨ੍ਹਾਂ ਦੀ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ, ਸਗੋਂ ਹੋਰਨਾਂ ਔਰਤਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਖੇਡਾਂ ’ਚ ਅੱਗੇ ਆਉਣ ਲਈ ਉਤਸ਼ਾਹਿਤ ਕਰਦੀ ਹੈ। ਇਸ ਮੌਕੇ ਕੁਲਦੀਪ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।