‘ਆਪ’ ਨੇ ਲੋਕਾਂ ਦੀ ਬਜਾਏ ਪੋਸਟਰਾਂ ਦਾ ਕੀਤਾ ਵਿਕਾਸ : ਰਾਣਾ ਵਿਸ਼ਵ ਪਾਲ ‘ਆਮ ਆਦਮੀ ਪਾਰਟੀ ਨੇ ਲੋਕਾਂ ਦੇ ਵਿਕਾਸ ਦੀ ਬਜਾਏ ਪੋਸਟਰਾਂ ਦਾ ਵਿਕਾਸ ਕੀਤਾ’ : ਰਾਣਾ ਵਿਸ਼ਵ ਪਾਲ ਸਿੰਘ
Publish Date: Thu, 26 Nov 2026 05:04 PM (IST)
Updated Date: Thu, 26 Nov 2026 05:04 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਰਾਣਾ ਵਿਸ਼ਵ ਪਾਲ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਨੇ ਅੱਜ ਕੀਰਤਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਸਿਆਸੀ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸੂਬੇ ’ਚ ਲੋਕਾਂ ਦੇ ਵਿਕਾਸ ਨਾਲੋਂ ਪੋਸਟਰਾਂ ਤੇ ਇਸ਼ਤਿਹਾਰਬਾਜ਼ੀ ਦੇ ਵਿਕਾਸ ਵੱਲ ਵਧੇਰੇ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਭਲਾਈ ਦੀਆਂ ਯੋਜਨਾਵਾਂ ’ਤੇ ਜਿੰਨਾ ਪੈਸਾ ਖਰਚ ਨਹੀਂ ਕੀਤਾ ਜਾਂਦਾ, ਉਸ ਤੋਂ ਕਿਤੇ ਵੱਧ ਖਰਚ ਆਪਣੀ ਸਰਕਾਰ ਦੀ ਮਸ਼ਹੂਰੀ ਤੇ ਇਸ਼ਤਿਹਾਰਬਾਜ਼ੀ ’ਤੇ ਕੀਤਾ ਜਾ ਰਿਹਾ ਹੈ। ਸਰਕਾਰੀ ਪੈਸੇ ਦੀ ਵਰਤੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ, ਸਿੱਖਿਆ, ਸਿਹਤ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹੋਣੀ ਚਾਹੀਦੀ ਹੈ, ਨਾ ਕਿ ਸਿਰਫ਼ ਸਰਕਾਰ ਦੀਆਂ ਤਸਵੀਰਾਂ ਤੇ ਦਾਅਵਿਆਂ ਵਾਲੇ ਪੋਸਟਰ ਲਗਾਉਣ ਲਈ। ਰਾਣਾ ਵਿਸ਼ਵ ਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਸ਼ੁਰੂ ਕਰਵਾਏ ਗਏ ਤੇ ਲੋਕ ਭਲਾਈ ਨਾਲ ਸਬੰਧਤ ਕਈ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕੰਮ ਕਿਸੇ ਸਿਆਸੀ ਲਾਹੇ ਲਈ ਨਹੀਂ, ਸਗੋਂ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਸਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਦੀ ਸਰਕਾਰ ਮੁੜ ਸੱਤਾ ’ਚ ਆਉਣ ’ਤੇ ਇਨ੍ਹਾਂ ਅਧੂਰੇ ਤੇ ਰੋਕੇ ਗਏ ਲੋਕ ਭਲਾਈ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮੁੜ ਸ਼ੁਰੂ ਕਰਵਾਇਆ ਜਾਵੇਗਾ ਤੇ ਮੁਕੰਮਲ ਹੋਣ ਉਪਰੰਤ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ਼ਤਿਹਾਰਾਂ ਰਾਹੀਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਨਾਲ ਜ਼ਮੀਨੀ ਹਕੀਕਤ ਨਹੀਂ ਬਦਲਦੀ। ਲੋਕਾਂ ਨੂੰ ਇਸ਼ਤਿਹਾਰ ਨਹੀਂ, ਸਗੋਂ ਆਪਣੇ ਜੀਵਨ ’ਚ ਦਿਖਾਈ ਦੇਣ ਵਾਲਾ ਵਿਕਾਸ ਚਾਹੀਦਾ ਹੈ। ਇਸ ਮੌਕੇ ਰਾਣਾ ਵਿਸ਼ਵ ਪਾਲ ਦੇ ਨਾਲ ਹਿਮਾਸ਼ੂ ਟੰਡਨ ਪ੍ਰਧਾਨ ਬਲਾਕ ਕਾਂਗਰਸ, ਦਵਿੰਦਰ ਸਿੰਘ ਸ਼ੰਮਾ ਸੈਣੀ, ਮਨਿੰਦਰ ਸਿੰਘ ਸਾਹਿਬ, ਨਿਤਿਨ ਕਪਲ, ਸ਼ੰਕਰ, ਆਦਿ ਹਾਜ਼ਰ ਸਨ ।