ਅੱਜ ਰਾਤ 2 ਘੰਟੇ ਰਹੇਗਾ ਬਲੈਕਆਊਟ, ਹੋਵੇਗੀ ਮੌਕ ਡ੍ਰਿਲ : ਸ਼ਿਵਾਂਸ਼ ਰਾਠੀ 27 ਨਵੰਬਰ ਨੂੰ ਰਾਤ 7 ਤੋਂ 9 ਵਜੇ ਤੱਕ ਹੋਵੇਗੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡ੍ਰਿਲ: ਸ਼ਿਵਾਂਸ਼ ਰਾਠੀ
Publish Date: Thu, 26 Nov 2026 05:00 PM (IST)
Updated Date: Thu, 26 Nov 2026 05:01 PM (IST)
ਸਾਇਰਨ ਵੱਜਣ ’ਤੇ ਘਬਰਾਉਣ ਦੀ ਲੋੜ ਨਹੀਂ, ਸਿਰਫ਼ ਸੁਰੱਖਿਆ ਅਭਿਆਸ ਹੋਵੇਗਾ: ਐੱਸਡੀਐੱਮ. ਪੰਜਾਬੀ ਜਾਗਰਣ ਟੀਮ, ਨੰਗਲ : ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ 2026 ਨੂੰ ਰਾਤ 7 ਤੋਂ 9 ਵਜੇ ਤੱਕ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਾਂਸ਼ ਰਾਠੀ ਆਈਏਐੱਸ. ਉਪ ਮੰਡਲ ਮੈਜਿਸਟਰੇਟ ਨੰਗਲ ਨੇ ਦੱਸਿਆ ਕਿ ਇਹ ਅਭਿਆਸ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਸਿਵਲ ਡਿਫੈਂਸ ਦੀ ਤਿਆਰੀ ਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੀ ਸਮਰੱਥਾ ਨੂੰ ਪਰਖਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕ ਡ੍ਰਿਲ ਰਾਹੀਂ ਵੱਖ-ਵੱਖ ਵਿਭਾਗਾਂ ਦੀ ਤਿਆਰੀ ਤੇ ਆਪਸੀ ਤਾਲਮੇਲ ਨੂੰ ਵੀ ਪਰਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਕ ਡ੍ਰਿਲ ਦੀ ਸ਼ੁਰੂਆਤ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਨਾਲ ਹੋਵੇਗੀ, ਜੋ ਦੋ ਮਿੰਟ ਤੱਕ ਉੱਚੀ ਤੇ ਨੀਵੀਂ ਆਵਾਜ਼ ’ਚ ਵਜਾਇਆ ਜਾਵੇਗਾ। ਇਸ ਦੌਰਾਨ ਸਬੰਧਤ ਡਿਪਟੀ ਕਮਿਸ਼ਨਰਾਂ-ਕਮ-ਕੰਟਰੋਲਰਾਂ, ਸਿਵਲ ਡਿਫੈਂਸ ਵੱਲੋਂ ਨਿਰਧਾਰਤ ਕੀਤੇ ਗਏ ਖੇਤਰਾਂ ’ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਦੌਰਾਨ ਆਪਣੇ ਘਰਾਂ ਤੇ ਅਦਾਰਿਆਂ ਦੀਆਂ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ। ਹਾਲਾਂਕਿ ਇਸ ਦੌਰਾਨ ਜ਼ਰੂਰੀ ਸੇਵਾਵਾਂ ਪਹਿਲਾਂ ਵਾਂਗ ਚਾਲੂ ਰਹਿਣਗੀਆਂ। ਸ਼ਿਵਾਂਸ਼ ਰਾਠੀ ਐੱਸਡੀਐੱਮ ਨੇ ਦੱਸਿਆ ਕਿ ਇਸ ਅਭਿਆਸ ਦੌਰਾਨ ਅੱਗ ਬੁਝਾਊ ਕਾਰਜ, ਖੋਜ ਤੇ ਬਚਾਅ ਕਾਰਜ, ਮੁੱਢਲੀ ਸਹਾਇਤਾ, ਮੈਡੀਕਲ ਸਹਾਇਤਾ, ਜ਼ਖ਼ਮੀ ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਤੇ ਆਵਾਜਾਈ ਤੇ ਭੀੜ ਨੂੰ ਕੰਟਰੋਲ ਕਰਨ ਸਬੰਧੀ ਗਤੀਵਿਧੀਆਂ ਦਾ ਅਭਿਆਸ ਕੀਤਾ ਜਾਵੇਗਾ। ਮੌਕ ਡ੍ਰਿਲ ਪੂਰੀ ਹੋਣ ਉਪਰੰਤ ਲਗਾਤਾਰ ਦੋ ਮਿੰਟ ਤੱਕ ਉੱਚੀ ਆਵਾਜ਼ ’ਚ ਸਾਇਰਨ ਵਜਾਇਆ ਜਾਵੇਗਾ, ਜਿਸ ਨੂੰ ‘ਆਲ ਕਲੀਅਰ’ ਦਾ ਸੰਕੇਤ ਮੰਨਿਆ ਜਾਵੇਗਾ। ਉਪ ਮੰਡਲ ਮੈਜਿਸਟਰੇਟ ਨੇ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਕਿ ਸਾਇਰਨ ਦੀ ਆਵਾਜ਼ ਸੁਣ ਕੇ ਕਿਸੇ ਵੀ ਤਰ੍ਹਾਂ ਘਬਰਾਉਣ ਜਾਂ ਅਫਵਾਹਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈ। ਇਹ ਕੋਈ ਅਸਲ ਹਵਾਈ ਹਮਲਾ ਨਹੀਂ, ਸਗੋਂ ਸਿਵਲ ਡਿਫੈਂਸ ਦੀ ਤਿਆਰੀ ਨੂੰ ਪਰਖਣ ਲਈ ਕਰਵਾਈ ਜਾ ਰਹੀ ਇੱਕ ਨਿਯਮਤ ਅਭਿਆਸ ਗਤੀਵਿਧੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।