ਨੰਗਲ ’ਚ 10 ਹਜ਼ਾਰ ਕਰੋੜ ਨਾਲ ਲੱਗੇਗਾ 12.7 ਐੱਲਐੱਮਟੀ. ਦਾ ਯੂਰੀਆ ਪਲਾਂਟ : ਡਾ. ਸੁਭਾਸ਼ ਸ਼ਰਮਾ ਨੰਗਲ ’ਚ 10 ਹਜ਼ਾਰ ਕਰੋੜ ਦੀ ਲਾਗਤ ਨਾਲ ਲੱਗੇਗਾ 12.7 ਐਲ.ਐਮ.ਟੀ. ਦਾ ਨਵਾਂ ਯੂਰੀਆ ਪਲਾਂਟ,
Publish Date: Wed, 25 Nov 2026 06:19 PM (IST)
Updated Date: Wed, 25 Nov 2026 06:19 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੇ.ਪੀ. ਨੱਢਾ ਦਾ ਕੀਤਾ ਧੰਨਵਾਦ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ, ਸ੍ਰੀ ਅਨੰਦਪੁਰ ਸਾਹਿਬ ਤੇ ਸਮੁੱਚੇ ਰੋਪੜ ਜ਼ਿਲ੍ਹੇ ਸਮੇਤ ਨਾਲ ਲੱਗਦੇ ਊਨਾ ਇਲਾਕੇ ਲਈ ਅੱਜ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਵੱਲੋਂ ਨੰਗਲ ਵਿਖੇ 12.7 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਨਵੇਂ ਯੂਰੀਆ ਮੈਨੂਫੈਕਚਰਿੰਗ ਪਲਾਂਟ ਨੂੰ ਅਧਿਕਾਰਤ ਤੌਰ ’ਤੇ ਮਨਜ਼ੂਰੀ ਦਿੰਦਿਆਂ ਇਸ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਭਾਜਪਾ ਪੰਜਾਬ ਦੇ ਉਪ-ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ‘ਆਤਮਨਿਰਭਰ ਭਾਰਤ’ ਤਹਿਤ ‘ਨੈਸ਼ਨਲ ਇਨਵੈਸਟਮੈਂਟ ਪਾਲਿਸੀ ਫਾਰ ਯੂਰੀਆ’ ਅਧੀਨ ਇਸ ਪਲਾਂਟ ਨੂੰ ਸਬੰਧਤ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ 25 ਨਵੰਬਰ 2026 ਨੂੰ ਕੇਂਦਰ ਸਰਕਾਰ ਵੱਲੋਂ ਨੋਟੀਫਾਈ ਕਰ ਦਿੱਤਾ ਗਿਆ ਹੈ। ਉਨ੍ਹਾਂ ਇਸ ਲੰਬੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਲਈ ਸਮੂਹ ਪੰਜਾਬ, ਖ਼ਾਸਕਰ ਸ੍ਰੀ ਅਨੰਦਪੁਰ ਸਾਹਿਬ, ਨੰਗਲ ਤੇ ਰੋਪੜ ਜ਼ਿਲ੍ਹੇ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਢਾ ਦਾ ਕੋਟਿਨ-ਕੋਟਿ ਧੰਨਵਾਦ ਕੀਤਾ। ਪਲਾਂਟ ਦੀ ਲਾਗਤ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਡਾ. ਸ਼ਰਮਾ ਨੇ ਦੱਸਿਆ ਕਿ ਹਾਲਾਂਕਿ ਪੂਰੀ ਤਫ਼ਸੀਲ ਆਉਣੀ ਬਾਕੀ ਹੈ, ਪਰ ਮੁੱਢਲੀ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ’ਤੇ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਤੋਂ 70 ਸਾਲ ਪਹਿਲਾਂ ਨੰਗਲ ’ਚ ਇਹ ਪਲਾਂਟ ਲੱਗਿਆ ਸੀ ਤੇ ਹੁਣ 70 ਸਾਲਾਂ ਬਾਅਦ ਨਵੀਂ ਤਕਨਾਲੋਜੀ ਨਾਲ ਪਹਿਲੇ ਪਲਾਂਟ ਨਾਲੋਂ ਲਗਭਗ ਢਾਈ ਗੁਣਾ ਵੱਡਾ ਪਲਾਂਟ ਸਥਾਪਿਤ ਹੋ ਰਿਹਾ ਹੈ। ਇਸ ਨਾਲ ਪ੍ਰਧਾਨ ਮੰਤਰੀ ਮੋਦੀ ਤੇ ਜੇ.ਪੀ. ਨੱਢਾ ਨੇ ਅਗਲੇ 70 ਸਾਲਾਂ ਲਈ ਨੰਗਲ ਸ਼ਹਿਰ ਨੂੰ ਵਸਾਉਣ ਤੇ ਖੁਸ਼ਹਾਲ ਬਣਾਉਣ ਦਾ ਪ੍ਰਬੰਧ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪਲਾਂਟ ਦੀ ਸਥਾਪਨਾ ਨਾਲ ਦੇਸ਼ ਭਰ ਤੋਂ ਇੰਜੀਨੀਅਰ, ਟੈਕਨੋਕਰੇਟਸ ਤੇ ਨਵੀਂ ਮਸ਼ੀਨਰੀ ਇੱਥੇ ਆਵੇਗੀ, ਜਿਸ ਨਾਲ ਪੂਰੇ ਇਲਾਕੇ ਦੀ ਆਰਥਿਕਤਾ ਨੂੰ ਭਾਰੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨੰਗਲ ਦੇ ਬਾਜ਼ਾਰ ਤੇ ਮਾਰਕੀਟਾਂ ਮੁੜ ਗੁਲਜ਼ਾਰ ਹੋਣਗੀਆਂ, ਵਪਾਰ ਵਧੇਗਾ ਤੇ ਨਵੇਂ ਮੁਲਾਜ਼ਮਾਂ ਦੇ ਆਉਣ ਨਾਲ ਐੱਨ.ਐੱਫ.ਐੱਲ. ਟਾਊਨਸ਼ਿਪ ’ਚ ਵੀ ਰੌਣਕਾਂ ਪਰਤਣਗੀਆਂ। ਇਸ ਦੇ ਨਾਲ ਹੀ ਢਾਈ ਗੁਣਾ ਵੱਧ ਉਤਪਾਦਨ ਦੀ ਢੋਆ-ਢੁਆਈ ਲਈ ਟਰੱਕ ਯੂਨੀਅਨ ਨੂੰ ਵੀ ਵਪਾਰ ’ਚ ਬਹੁਤ ਵੱਡਾ ਫਾਇਦਾ ਪਹੁੰਚੇਗਾ। ਡਾ. ਸੁਭਾਸ਼ ਸ਼ਰਮਾ ਨੇ ਬੜੇ ਫ਼ਖ਼ਰ ਨਾਲ ਕਿਹਾ ਕਿ ਜਦੋਂ ਉਨ੍ਹਾਂ ਲੋਕ ਸਭਾ ਚੋਣ ਲੜੀ ਸੀ, ਤਾਂ ਨੰਗਲ ਦੇ ਪਲਾਂਟ ਦੇ ਵਿਸਥਾਰ (ਐਕਸਪੈਂਸ਼ਨ) ਦਾ ਵਾਅਦਾ ਕੀਤਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਇਸ ਨੋਟੀਫਿਕੇਸ਼ਨ ਨੂੰ ਨੰਗਲ ਦੀ ਜਨਤਾ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੀ ਪਛਾਣ ਹੈ ਕਿ ਉਹ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ।