ਜੰਗਲਾਤ ਕਾਮਿਆਂ ਦੇ ਸਬਰ ਦਾ ਟੁੱਟਿਆ ਬੰਨ੍ਹ, ਭਲਕੇ ਵਿੱਤ ਮੰਤਰੀ ਦੇ ਹਲਕੇ ’ਚ ਲੱਗੇਗਾ ਪੱਕਾ ਮੋਰਚਾ ਜੰਗਲਾਤ ਕਾਮਿਆਂ ਦੇ ਸਬਰ ਦਾ ਬੰਨ੍ਹ ਟੁੱਟਿਆ 27 ਨਵੰਬਰ ਤੋਂ ਵਿੱਤ ਮੰਤਰੀ ਦੇ ਹਲਕੇ ’ਚ ਲੱਗੇਗਾ ਪੱਕਾ ਮੋਰਚਾ
Publish Date: Wed, 25 Nov 2026 06:11 PM (IST)
Updated Date: Wed, 25 Nov 2026 06:13 PM (IST)
16 ਮਈ 2023 ਦੀ ਪਾਲਿਸੀ ਤਹਿਤ ਪੱਕੇ ਕਰਨ ਦੀ ਥਾਂ ਤਜ਼ਰਬੇਕਾਰ ਕਾਮਿਆਂ ਨੂੰ ਪਲੇਸਮੈਂਟ ’ਤੇ ਰੱਖਣ ਦਾ ਦੋਸ਼ 15 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਨਾਲ ਗੁਜ਼ਾਰਾ ਕਰਨਾ ਹੋਇਆ ਔਖਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਪੰਜਾਬ ਦੇ ਜੰਗਲਾਤ, ਜੰਗਲੀ ਜੀਵ ਤੇ ਕਾਰਪੋਰੇਸ਼ਨ ਵਿਭਾਗਾਂ ’ਚ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਸੇਵਾਵਾਂ ਨਿਭਾਅ ਰਹੇ ਕੱਚੇ ਕਾਮਿਆਂ ਦਾ ਸਰਕਾਰ ਪ੍ਰਤੀ ਰੋਸ ਹੁਣ ਤਿੱਖੇ ਸੰਘਰਸ਼ ’ਚ ਬਦਲਣ ਜਾ ਰਿਹਾ ਹੈ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਬਿਗਲ ਵਜਾਉਂਦਿਆਂ 27 ਨਵੰਬਰ ਤੋਂ ਵਿੱਤ ਮੰਤਰੀ ਦੇ ਵਿਧਾਨ ਸਭਾ ਹਲਕੇ ਦਿੜ੍ਹਬਾ (ਸੰਗਰੂਰ) ਵਿਖੇ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਵੱਲੋਂ ਇਸ ਤੋਂ ਪਹਿਲਾਂ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸਹਿਯੋਗ ਨਾਲ ਵਿਸ਼ਾਲ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਅਗਵਾਈ ਹੇਠ ਹੋਈ ਜਥੇਬੰਦੀ ਦੀ ਮੀਟਿੰਗ ਉਪਰੰਤ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਕਾਰਨ ਦਹਾਕਿਆਂ ਤੋਂ ਵਿਭਾਗ ਦੀ ਸੇਵਾ ਕਰ ਰਹੇ ਕਾਮੇ ਅੱਜ ਵੀ ਆਪਣੇ ਹੱਕਾਂ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ 16 ਮਈ 2023 ਨੂੰ ਬਣਾਈ ਗਈ ਪਾਲਿਸੀ ਤਹਿਤ 27-28 ਸਾਲਾਂ ਦਾ ਤਜਰਬਾ ਰੱਖਣ ਵਾਲੇ ਸੀਨੀਅਰ ਕਾਮਿਆਂ ਨੂੰ ਰੈਗੂਲਰ ਕਰਨ ਦੀ ਬਜਾਏ ਪਲੇਸਮੈਂਟ ’ਤੇ ਰੱਖ ਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ। ਇਸ ਪਾਲਿਸੀ ਤਹਿਤ ਨਾ ਤਾਂ ਪੱਕੇ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਮਿਲ ਰਹੀਆਂ ਹਨ ਤੇ ਨਾ ਹੀ ਬਣਦਾ ਮਾਣ-ਸਤਿਕਾਰ। ਯੂਨੀਅਨ ਆਗੂਆਂ ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤ, ਵਿਰਸਾ ਸਿੰਘ ਚਹਿਲ, ਰਣਜੀਤ ਸਿੰਘ ਗੁਰਦਾਸਪੁਰ ਤੇ ਸਤਨਾਮ ਸੰਗਤੀਵਾਲਾ ਨੇ ਕਿਹਾ ਕਿ ਪਲੇਸਮੈਂਟ ’ਤੇ ਕੰਮ ਕਰਦੇ ਕਾਮਿਆਂ ਨੂੰ ਮਹਿਜ਼ 15 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦੇ ਕੇ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕਤਾ ਨਾਲ ਖਿਲਵਾੜ ਕਰ ਰਹੀ ਹੈ। ਮਹਿੰਗਾਈ ਦੇ ਇਸ ਦੌਰ ’ਚ ਇੰਨੀ ਨਿਗੂਣੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਮੰਤਰੀਆਂ ਨਾਲ ਕਈ ਮੀਟਿੰਗਾਂ ਹੋਈਆਂ, ਪਰ ਹਰ ਵਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਸਿਰਫ਼ ਭਰੋਸਿਆਂ ਨਾਲ ਹੀ ਡੰਗ ਟਪਾਇਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਸਾਲ 2006 ਤੱਕ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ 14 ਵਰਕਰਾਂ ਤੇ ਸਾਲ 2026 ਤੱਕ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਸਮੂਹ ਯੋਗ ਕਾਮਿਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ 30 ਜੁਲਾਈ 2025 ਤੇ 13 ਜੁਲਾਈ 2026 ਨੂੰ ਮੁੱਖ ਮੰਤਰੀ ਤੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਵਰਕਰਾਂ ਨੂੰ ਪੂਰਾ ਤਨਖ਼ਾਹ ਸਕੇਲ, ਮਹਿੰਗਾਈ ਭੱਤਾ, ਮੈਡੀਕਲ ਤੇ ਪੈਨਸ਼ਨਰੀ ਲਾਭ ਦਿੱਤੇ ਜਾਣ। ਉਨ੍ਹਾਂ ਸੀਨੀਆਰਤਾ ਸੂਚੀ ਤੁਰੰਤ ਅਪਡੇਟ ਕਰਨ, ਨਵੇਂ ਕੰਮ ਸ਼ੁਰੂ ਕਰਨ, ਖਾਲੀ ਅਸਾਮੀਆਂ ’ਤੇ ਨਵੀਂ ਭਰਤੀ ਕਰਨ, ਘੱਟੋ-ਘੱਟ ਉਜਰਤਾਂ ’ਚ ਵਾਧਾ ਕਰਨ ਤੇ ਪਿਛਲੇ ਵਾਧੇ ਦਾ ਬਕਾਇਆ ਜਾਰੀ ਕਰਨ ਦੀ ਮੰਗ ਵੀ ਉਠਾਈ। ਯੂਨੀਅਨ ਆਗੂਆਂ ਸੁਲੱਖਣ ਮੋਹਾਲੀ, ਮਲਕੀਤ ਮੁਕਤਸਰ, ਰਵੀਕਾਂਤ ਰੋਪੜ, ਪਵਨ ਹੁਸ਼ਿਆਰਪੁਰ, ਰਾਣਾ ਫਿਰੋਜ਼ਪੁਰ ਤੇ ਭੁਪਿੰਦਰ ਦਸੂਹਾ ਨੇ ਐਲਾਨ ਕੀਤਾ ਕਿ ਜੰਗਲਾਤ ਕਾਮੇ ਹੁਣ ਆਪਣੇ ਹੱਕਾਂ ਦੀ ਲੜਾਈ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਨਿੱਤਰਨਗੇ। ਉਨ੍ਹਾਂ ਸਮੂਹ ਕਾਮਿਆਂ ਨੂੰ 27 ਨਵੰਬਰ ਦੇ ਦਿੜ੍ਹਬਾ ਮੋਰਚੇ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਪੰਜਾਬ ਮੁਲਾਜ਼ਮ ਮੰਚ ਵੱਲੋਂ 1 ਤੋਂ 5 ਦਸੰਬਰ ਤੱਕ ਵਿਧਾਇਕਾਂ ਦੀਆਂ ਅਰਥੀਆਂ ਫੂਕਣ ਦੇ ਐਲਾਨੇ ਪ੍ਰੋਗਰਾਮ ’ਚ ਵੀ ਜੰਗਲਾਤ ਕਾਮੇ ਵਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਇਸ ਤੋਂ ਬਾਅਦ 6 ਦਸੰਬਰ ਨੂੰ ਲੁਧਿਆਣਾ ਦੇ ਗੰਦੇ ਨਾਲੇ ’ਚ ਅਸਥੀਆਂ ਪਾਉਣ ਦੇ ਪ੍ਰੋਗਰਾਮ ’ਚ ਵੀ ਹਿੱਸਾ ਲਿਆ ਜਾਵੇਗਾ। ਮੀਟਿੰਗ ’ਚ ਕਰਮ ਸਿੰਘ ਹਰੀਕੇ ਪੱਤਣ, ਜਗਤਾਰ ਸ਼ਾਹਪੁਰ, ਭੁਪਿੰਦਰ ਸਿੰਘ ਸਾਧੋਹੇੜੀ, ਹਰਜਿੰਦਰ ਸਿੰਘ, ਫੈਡਰੇਸ਼ਨ ਆਗੂ ਮੱਖਣ ਸਿੰਘ ਵਹਿਦਪੁਰੀ ਤੇ ਗੁਰਬਿੰਦਰ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।