ਡਾ. ਚੀਮਾ ਤੇ ਡਾ. ਸੁਭਾਸ਼ ਸ਼ਰਮਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਅਕਾਲੀ-ਭਾਜਪਾ ਗੱਠਜੋੜ ਦੇ ਐਲਾਨ ਮਗਰੋਂ ਡਾ. ਚੀਮਾ ਤੇ ਡਾ. ਸੁਭਾਸ਼ ਸ਼ਰਮਾ ਪਾਰਟੀ ਵਰਕਰਾਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ
Publish Date: Wed, 25 Nov 2026 05:54 PM (IST)
Updated Date: Wed, 25 Nov 2026 05:55 PM (IST)
ਗੱਠਜੋੜ ਨੂੰ ਪੰਜਾਬ ਤੇ ਦੇਸ਼ ਦੇ ਹਿੱਤ ’ਚ ਦੱਸਿਆ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ ਤੇ ਆਰਥਿਕ ਬਦਹਾਲੀ ਦੇ ਮੁੱਦਿਆਂ ’ਤੇ ਸੂਬਾ ਸਰਕਾਰ ਨੂੰ ਘੇਰਿਆ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਮੁੜ ਸਿਆਸੀ ਗੱਠਜੋੜ ਦਾ ਐਲਾਨ ਹੋਣ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਸਮੇਤ ਦੋਵੇਂ ਪਾਰਟੀਆਂ ਦੇ ਵੱਡੇ ਗਿਣਤੀ ਆਗੂਆਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ, ਕਮਜ਼ੋਰ ਹੋ ਰਹੀ ਆਰਥਿਕਤਾ ਤੇ ਵਿਗੜ ਰਹੀ ਕਾਨੂੰਨ ਵਿਵਸਥਾ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਵਿੱਤੀ ਹਾਲਤ ਲਗਾਤਾਰ ਕਮਜ਼ੋਰ ਹੋਈ ਹੈ ਤੇ ਵਿਕਾਸ ਕਾਰਜ ਵੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ, ਉਹ ਪੂਰੀਆਂ ਨਹੀਂ ਹੋਈਆਂ। ਡਾ. ਚੀਮਾ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਮਕਸਦ ਸਿਰਫ਼ ਚੋਣਾਂ ਲੜਨਾ ਜਾਂ ਸੀਟਾਂ ਦੀ ਵੰਡ ਕਰਨਾ ਨਹੀਂ, ਸਗੋਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਠੋਸ ਯੋਜਨਾਬੰਦੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਵੱਲੋਂ ਸਾਂਝਾ ਰੋਡਮੈਪ ਤਿਆਰ ਕੀਤਾ ਗਿਆ ਹੈ, ਜਿਸ ’ਚ ਨਸ਼ਿਆਂ ਦਾ ਖ਼ਾਤਮਾ, ਕਿਸਾਨੀ ਦੀਆਂ ਸਮੱਸਿਆਵਾਂ, ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਜੁੜੇ ਮੁੱਦੇ, ਬੇਰੁਜ਼ਗਾਰੀ, ਪੰਜਾਬ ਦੀ ਵਿੱਤੀ ਸਥਿਤੀ ਤੇ ਸੂਬੇ ਦਾ ਵਿਕਾਸ ਪ੍ਰਮੁੱਖ ਤਰਜੀਹਾਂ ਹੋਣਗੀਆਂ। ਇਸ ਮੌਕੇ ਪੰਜਾਬ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਦੋਵਾਂ ਪਾਰਟੀਆਂ ਦਾ ਮੁੜ ਇਕੱਠੇ ਹੋਣਾ ਪੰਜਾਬ ਲਈ ਸ਼ੁਭ ਸੰਕੇਤ ਹੈ। ਇਸ ਮੌਕੇ ਜਤਿੰਦਰ ਸਿੰਘ ਅਠਵਾਲ, ਜਥੇਦਾਰ ਦਰਬਾਰਾ ਸਿੰਘ ਬਾਲਾ ਜ਼ਿਲ੍ਹਾ ਪ੍ਰਧਾਨ, ਰਤਨ ਕੁਮਾਰ ਧਨੇੜਾ, ਰਾਜੇਸ਼ ਚੌਧਰੀ ਨੰਗਲ, ਸੰਦੀਪ ਸਿੰਘ ਕਲੌਤਾ, ਜਥੇਦਾਰ ਮੋਹਨ ਸਿੰਘ ਢਾਹੇ, ਮੋਹਨ ਸਿੰਘ ਡੁਮੇਵਾਲ, ਗੁਰਦੀਪ ਸਿੰਘ ਬਾਵਾ, ਅਮਰ ਸੋਢੀ, ਸਤਵੀਰ ਰਾਣਾ ਅਗਮਪੁਰ, ਦਵਿੰਦਰ ਸਿੰਘ ਢਿੱਲੋਂ, ਜਰਨੈਲ ਸਿੰਘ ਭਰਤਗੜ੍ਹ, ਬੀਬੀ ਜਸਵਿੰਦਰ ਕੌਰ ਸੱਗੂ, ਬੀਬੀ ਤਾਰਾ ਸੈਣੀ, ਜਸਪਾਲ ਸਿੰਘ ਨੰਗਲ, ਐਡਵੋਕੇਟ ਨਿਪੁੰਨ ਸੋਨੀ, ਸੁਰਿੰਦਰ ਸਿੰਘ ਮਾਟੌਰ, ਬਲਰਾਜ ਸਿੰਘ ਕਾਨੂੰਗੋ, ਪ੍ਰਦੀਪ ਕੋਟਲਾ, ਮੁਨੀਸ਼ ਸ਼ਰਮਾ ਢੇਰ, ਬਾਦਲ ਸਿੰਘ ਬੱਸੀ, ਮੁਕੇਸ਼ ਨੱਡਾ, ਕੁਲਬੀਰ ਸਿੰਘ ਅਸਮਾਨਪੁਰ ਤੇ ਸੁਰਿੰਦਰ ਕੁਮਾਰ ਸਮੇਤ ਅਕਾਲੀ ਦਲ ’ਤੇ ਭਾਜਪਾ ਦੇ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।