ਖਸਤਾ ਹਾਲਤ ’ਚ ਵਿਧਾਇਕ ਦੇ ਦਫ਼ਤਰ ਵਾਲੀ ਸੜਕ, ਨੂਰਪੁਰ ਬੇਦੀ-ਕਾਂਗੜ ਚੌਂਕ ਰੋਡ ’ਤੇ ਪਏ ਡੂੰਘੇ ਟੋਏ ਵਿਧਾਇਕ ਦੇ ਦਫ਼ਤਰ ਵਾਲੀ ਸੜਕ ਹੀ ਖਸਤਾ ਹਾਲਤ ਵਿੱਚ, ਨੂਰਪੁਰ ਬੇਦੀ-ਕਾਂਗੜ ਚੌਂਕ-ਰੂੜੇਵਾਲ ਰੋਡ ਟੋਇਆਂ ’ਚ ਤਬਦੀਲ
Publish Date: Wed, 25 Nov 2026 05:47 PM (IST)
Updated Date: Wed, 25 Nov 2026 05:49 PM (IST)
ਹਸਪਤਾਲ ਜਾਣ ਵਾਲੇ ਰਸਤੇ ’ਤੇ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ, ਪੰਜ ਸਾਲਾਂ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ: ਨੂਰਪੁਰ ਬੇਦੀ ਤੋਂ ਕਾਂਗੜ ਚੌਂਕ ਰਾਹੀਂ ਰੂੜੇਵਾਲ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਇਲਾਕਾ ਵਾਸੀਆਂ, ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਚ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ ਤੇ ਕਈ ਥਾਵਾਂ ਤੋਂ ਪ੍ਰੀਮਿਕਸ ਉੱਖੜ ਚੁੱਕਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਸੜਕ ’ਤੇ ਹਲਕੇ ਦੇ ਵਿਧਾਇਕ ਦਾ ਦਫ਼ਤਰ ਵੀ ਸਥਿਤ ਹੈ, ਪਰ ਇਸ ਦੇ ਬਾਵਜੂਦ ਸੜਕ ਦੀ ਹਾਲਤ ਸੁਧਾਰਨ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਸੜਕ ’ਤੇ ਸਥਿਤ ਮਲਟੀ ਸਪੈਸ਼ਲਿਟੀ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਾਫ਼ੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ। ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਹੌਲੀ ਰਫ਼ਤਾਰ ਨਾਲ ਗੱਡੀਆਂ ਲੰਘਾਉਣੀਆਂ ਪੈਂਦੀਆਂ ਹਨ, ਜਿਸ ਕਾਰਨ ਅਕਸਰ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਸੜਕ ਦੇ ਨਾਲ ਲੱਗਦੀਆਂ ਦੁਕਾਨਾਂ ਦੇ ਕਾਰੋਬਾਰ ’ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ। ਇਸ ਮੌਕੇ ਪੰਜਾਬ ਸਾਂਝੀਵਾਲਤਾ ਦਲ ਵੱਲੋਂ ਹਲਕਾ ਰੂਪਨਗਰ ਤੋਂ ਉਮੀਦਵਾਰ ਗੌਰਵ ਰਾਣਾ ਤੇ ਬਿੰਦਰ ਭੱਗਲ ਸਮੇਤ ਮੌਜੂਦ ਵੱਖ-ਵੱਖ ਦੁਕਾਨਦਾਰਾਂ ਨੇ ਸੜਕ ਦੀ ਮਾੜੀ ਹਾਲਤ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਲਗਭਗ ਪੰਜ ਸਾਲਾਂ ਤੋਂ ਹਲਕੇ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ’ਚ ਵੀ ਇਸੇ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਇਸ ਮਹੱਤਵਪੂਰਨ ਸੜਕ ਦੀ ਮੁਰੰਮਤ ਨਹੀਂ ਹੋ ਸਕੀ। ਲੋਕਾਂ ਦਾ ਸਵਾਲ ਹੈ ਕਿ ਜਦੋਂ ਵਿਧਾਇਕ ਦਾ ਆਪਣਾ ਦਫ਼ਤਰ ਇਸੇ ਸੜਕ ’ਤੇ ਹੈ ਤਾਂ ਫਿਰ ਆਮ ਲੋਕਾਂ ਦੀ ਇਸ ਮੁਸ਼ਕਲ ਵੱਲ ਧਿਆਨ ਕਿਉਂ ਨਹੀਂ ਦਿੱਤਾ ਗਿਆ? ਗੌਰਵ ਰਾਣਾ ਤੇ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਸਮੇਂ ’ਚ ਸਿਰਫ਼ ਦਿਖਾਵੇ ਲਈ ਟੋਇਆਂ ਨੂੰ ਭਰਨ ਜਾਂ ਉਪਰੋਂ ਲੀਪਾਪੋਚੀ ਕਰਨ ਦੀ ਬਜਾਏ ਸੜਕ ਦਾ ਮਿਆਰੀ ਤੇ ਪੱਕਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਲਈ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਇਲਾਕੇ ਦੀਆਂ ਹੋਰ ਵੀ ਕਈ ਸੜਕਾਂ ਖਸਤਾ ਹਾਲਤ ’ਚ ਹਨ, ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆ ਰਹੀ। ਉਨ੍ਹਾਂ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਨੂਰਪੁਰ ਬੇਦੀ-ਕਾਂਗੜ ਚੌਂਕ-ਰੂੜੇਵਾਲ ਸੜਕ ਦਾ ਤੁਰੰਤ ਮਿਆਰੀ ਨਿਰਮਾਣ ਕਰਵਾਇਆ ਜਾਵੇ, ਤਾਂ ਜੋ ਦੁਕਾਨਦਾਰਾਂ, ਮਰੀਜ਼ਾਂ ਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।