ਗੌਰਵ ਰਾਣਾ ਦੀ ਚੋਣ ਇਕੱਤਰਤਾ ’ਚ ਜੁੜਿਆ ਇਕੱਠ, ਮੁਫ਼ਤ ਰੇਤ ਦੇਣ ਦਾ ਏਜੰਡਾ ਸਮੁੰਦੜੀਆਂ ਵਿਖੇ ਗੌਰਵ ਰਾਣਾ ਦੀ ਚੋਣ ਇਕੱਤਰਤਾ ਵਿੱਚ ਜੁੜਿਆ ਭਰਵਾਂ ਇਕੱਠ, ਰੇਤ ਮੁਫ਼ਤ ਦੇਣ ਦਾ ਏਜੰਡਾ ਲਿਆਏਗਾ ਪੰਜਾਬ ਸਾਂਝੀਵਾਲਤਾ ਦਲ
Publish Date: Wed, 25 Nov 2026 05:42 PM (IST)
Updated Date: Wed, 25 Nov 2026 05:43 PM (IST)
ਛੋਟੇ ਪੇਂਡੂ ਮਕਾਨਾਂ ਲਈ ਮੁਫ਼ਤ ਨਿਰਮਾਣ ਸਮੱਗਰੀ, ਬਾਕੀ ਇਮਾਰਤਾਂ ਲਈ ਬਣਨਗੀਆਂ ਤਿੰਨ ਸਲੈਬਾਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ: ਪੰਜਾਬ ਸਾਂਝੀਵਾਲਤਾ ਦਲ ਵੱਲੋਂ ਹਲਕਾ ਰੂਪਨਗਰ ’ਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਪਿੰਡ ਸਮੁੰਦੜੀਆਂ ਵਿਖੇ ਚੋਣ ਇਕੱਤਰਤਾ ਕੀਤੀ ਗਈ, ਜਿਸ ’ਚ ਪਿੰਡ ਵਾਸੀਆਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਸ ਮੌਕੇ ਲੋਕਾਂ ਨੇ ਜਿੱਥੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਪਾਰਟੀ ਆਗੂਆਂ ਸਾਹਮਣੇ ਰੱਖੀਆਂ, ਉੱਥੇ ਹੀ ਪਾਰਟੀ ਵੱਲੋਂ ਪੇਸ਼ ਕੀਤੇ ਜਾ ਰਹੇ ਨੀਤੀਗਤ ਏਜੰਡੇ ਨੂੰ ਵੀ ਧਿਆਨ ਨਾਲ ਸੁਣਿਆ। ਇਕੱਤਰਤਾ ਨੂੰ ਪਾਰਟੀ ਦੀ ਸਟੇਟ ਕੋਰ ਕਮੇਟੀ ਦੇ ਮੈਂਬਰ ਅਮਿਤੋਜ ਸਿੰਘ ਮਾਨ ਤੇ ਹਲਕਾ ਰੂਪਨਗਰ ਤੋਂ ਵਿਧਾਨ ਸਭਾ ਉਮੀਦਵਾਰ ਗੌਰਵ ਰਾਣਾ ਨੇ ਸੰਬੋਧਨ ਕੀਤਾ। ਕੁਦਰਤੀ ਸਰੋਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਦਾ ਦਾਅਵਾ ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਾਂਝੀਵਾਲਤਾ ਦਲ ਆਪਣੇ ਲਿਖਤੀ ਚੋਣ ਏਜੰਡੇ ’ਚ ਤਿੰਨ ਅਹਿਮ ਮੁੱਦਿਆਂ ਨੂੰ ਸ਼ਾਮਲ ਕਰ ਰਿਹਾ ਹੈ, ਜਿਨ੍ਹਾਂ ਦਾ ਮੁੱਖ ਮਕਸਦ ਕੁਦਰਤੀ ਸਰੋਤਾਂ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦਾ ਲਾਭ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਬਣਨ ਦੀ ਸਥਿਤੀ ’ਚ ਰੇਤ ਆਮ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਉਣ ਲਈ ਨੀਤੀ ਬਣਾਈ ਜਾਵੇਗੀ। ਉਨ੍ਹਾਂ ਅਨੁਸਾਰ 2007 ਤੋਂ ਪਹਿਲਾਂ ਪਿੰਡਾਂ ’ਚ ਰੇਤ ਮੁਫ਼ਤ ਮਿਲਣ ਦੀ ਜੋ ਵਿਵਸਥਾ ਸੀ, ਉਸੇ ਤਰਜ਼ ’ਤੇ ਲੋਕਾਂ ਨੂੰ ਮੁੜ ਸਹੂਲਤ ਦੇਣ ਦਾ ਟੀਚਾ ਰੱਖਿਆ ਗਿਆ ਹੈ। ਤਿੰਨ ਸਲੈਬਾਂ ਰਾਹੀਂ ਨਿਰਮਾਣ ਸਮੱਗਰੀ ਦੀ ਵੰਡ ਮਾਨ ਨੇ ਕਿਹਾ ਕਿ ਨਿਰਮਾਣ ਸਮੱਗਰੀ ਦੀ ਵੰਡ ਲਈ ਤਿੰਨ ਸਲੈਬਾਂ ਬਣਾਈਆਂ ਜਾਣਗੀਆਂ, ਜਿਨ੍ਹਾਂ ’ਚ ਛੋਟੇ ਰਿਹਾਇਸ਼ੀ ਮਕਾਨਾਂ, ਦੁਕਾਨਾਂ ਤੇ ਵੱਡੀਆਂ ਵਪਾਰਕ ਇਮਾਰਤਾਂ ਨੂੰ ਵੱਖਰੇ ਵਰਗਾਂ ’ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਇਲਾਕਿਆਂ ’ਚ ਛੋਟੇ ਮਕਾਨ ਬਣਾਉਣ ਵਾਲੇ ਪਰਿਵਾਰਾਂ ਨੂੰ ਰੇਤ ਤੇ ਬਜਰੀ ਦੀ ਸਹੂਲਤ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਸ ਵਿਵਸਥਾ ਤਹਿਤ ਨਿਰਮਾਣ ਸਮੱਗਰੀ ਦੀ ਪ੍ਰਾਪਤੀ ਲਈ ਸਿਰਫ਼ ਨਕਸ਼ਾ ਫੀਸ ਲੈਣ ਦਾ ਪ੍ਰਬੰਧ ਕਰਨ ਦੀ ਗੱਲ ਵੀ ਪਾਰਟੀ ਦੇ ਏਜੰਡੇ ’ਚ ਸ਼ਾਮਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਇਹ ਨੀਤੀ ਲਾਗੂ ਹੁੰਦੀ ਹੈ ਤਾਂ ਇੱਕ ਆਮ ਪਰਿਵਾਰ ਨੂੰ ਸਿਰਫ਼ ਰੇਤ ਦੀ ਲਾਗਤ ’ਚ ਹੀ ਤਿੰਨ ਤੋਂ ਚਾਰ ਲੱਖ ਰੁਪਏ ਤੱਕ ਦੀ ਬੱਚਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਨੂੰ ਕੁਝ ਮਹੀਨਿਆਂ ਲਈ ਮਿਲਣ ਵਾਲੀ ਛੋਟੀ ਆਰਥਿਕ ਰਾਹਤ ਦੀ ਬਜਾਏ ਅਜਿਹੀਆਂ ਨੀਤੀਆਂ ਦੇਣ ਦੀ ਗੱਲ ਕਰ ਰਹੀ ਹੈ, ਜਿਨ੍ਹਾਂ ਦਾ ਲਾਭ ਹਰ ਪਰਿਵਾਰ ਨੂੰ ਲੰਮੇ ਸਮੇਂ ਤੱਕ ਮਿਲ ਸਕੇ। ਸਰੋਤਾਂ ਦੀ ਆਮਦਨ ਬਾਰੇ ਸਰਕਾਰ ਨੂੰ ਘੇਰਿਆ ਅਮਿਤੋਜ ਸਿੰਘ ਮਾਨ ਨੇ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਰੇਤ ਖਣਨ ਤੋਂ 21 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦੇ ਦਾਅਵੇ ਕੀਤੇ ਗਏ ਸਨ, ਪਰ ਉਨ੍ਹਾਂ ਅਨੁਸਾਰ ਅਸਲ ਸਰਕਾਰੀ ਆਮਦਨ 400 ਕਰੋੜ ਰੁਪਏ ਤੋਂ ਵੀ ਹੇਠਾਂ ਰਹੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਬਾਹਰੀ ਹਿੱਤਾਂ ਦੀ ਬਜਾਏ ਸੂਬੇ ਦੇ ਲੋਕਾਂ ਦੀ ਭਲਾਈ ਲਈ ਵਰਤਣਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਵਾਲੇ ਇਲਾਕਿਆਂ ’ਚ ਪਾਰਦਰਸ਼ੀ ਤੇ ਪੁਖ਼ਤਾ ਨੀਤੀਆਂ ਬਣਾਉਣ ਦੀ ਲੋੜ ਹੈ, ਤਾਂ ਜੋ ਸਥਾਨਕ ਲੋਕਾਂ ਨੂੰ ਆਪਣੇ ਇਲਾਕੇ ਦੇ ਸਰੋਤਾਂ ਦਾ ਸਿੱਧਾ ਲਾਭ ਮਿਲ ਸਕੇ। ਇਸ ਮੌਕੇ ਗੌਰਵ ਰਾਣਾ ਨੇ ਵੀ ਪਿੰਡ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ। ਇਕੱਤਰਤਾ ਦੌਰਾਨ ਪਿੰਡ ਦੇ ਪਤਵੰਤੇ ਸੱਜਣਾਂ, ਪੰਚਾਇਤ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਬੀਬੀਆਂ ਨੇ ਸ਼ਮੂਲੀਅਤ ਕੀਤੀ ਤੇ ਪਾਰਟੀ ਆਗੂਆਂ ਦੇ ਵਿਚਾਰ ਸੁਣੇ।