ਗੌਰਵ ਰਾਣਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ, ਅਮਿਤੋਜ ਸਿੰਘ ਮਾਨ ਨੇ ਸੰਭਾਲੀ ਪ੍ਰਚਾਰ ਮੁਹਿੰਮ ਪਿੰਡਾਂ ਵਿੱਚ ਗੌਰਵ ਰਾਣਾ ਦੀ ਚੋਣ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ, ਅਮਿਤੋਜ ਸਿੰਘ ਮਾਨ ਨੇ ਸੰਭਾਲੀ ਪ੍ਰਚਾਰ ਮੁਹਿੰਮ
Publish Date: Wed, 25 Nov 2026 05:37 PM (IST)
Updated Date: Wed, 25 Nov 2026 05:40 PM (IST)
ਲੋਕਾਂ ਨੇ ਮਾਈਨਿੰਗ, ਪੀਣ ਵਾਲੇ ਪਾਣੀ ਤੇ ਨਹਿਰ ਦਾ ਮੁੱਦਾ ਉਠਾਇਆ ਹਰ ਫੈਸਲਾ ਲਿਖਤੀ ਰੂਪ ’ਚ ਲਾਗੂ ਕਰਨ ਦਾ ਭਰੋਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ: ਰੂਪਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਸਾਂਝੀਵਾਲਤਾ ਦਲ ਦੇ ਉਮੀਦਵਾਰ ਗੌਰਵ ਰਾਣਾ ਦੀ ਚੋਣ ਮੁਹਿੰਮ ਨੂੰ ਪਿੰਡਾਂ ’ਚ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਸਪਾਲਵਾਂ ਵਿਖੇ ਗੌਰਵ ਰਾਣਾ ਦੇ ਹੱਕ ’ਚ ਚੋਣ ਇਕੱਤਰਤਾ ਕੀਤੀ ਗਈ, ਜਿਸ ’ਚ ਪਾਰਟੀ ਦੀ ਸਟੇਟ ਕੋਰ ਕਮੇਟੀ ਦੇ ਆਗੂ ਅਮਿਤੋਜ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਪਿੰਡ ਵਾਸੀਆਂ ਵੱਲੋਂ ਗੌਰਵ ਰਾਣਾ ਤੇ ਉਨ੍ਹਾਂ ਦੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਕੱਤਰਤਾ ’ਚ ਬਜ਼ੁਰਗਾਂ, ਨੌਜਵਾਨਾਂ ਤੇ ਬੀਬੀਆਂ ਦੀ ਵੱਡੀ ਸ਼ਮੂਲੀਅਤ ਨੇ ਚੋਣ ਮੁਹਿੰਮ ਨੂੰ ਨਵਾਂ ਹੁਲਾਰਾ ਦਿੱਤਾ। ਲੋਕਾਂ ਦੀਆਂ ਸਮੱਸਿਆਵਾਂ ਸੁਣਦਿਆਂ ਗੌਰਵ ਰਾਣਾ ਤੇ ਅਮਿਤੋਜ ਸਿੰਘ ਮਾਨ ਨੇ ਕਿਹਾ ਕਿ ਨੰਗਲ ਡੈਮ ਤੋਂ ਟਿੱਬਾ ਟੱਪਰੀਆਂ ਤੱਕ ਨਹਿਰ ਦਾ ਨਿਰਮਾਣ ਕਰਨਾ ਇਲਾਕੇ ਦੀ ਸਭ ਤੋਂ ਵੱਡੀ ਤੇ ਅਹਿਮ ਲੋੜ ਹੈ। ਪੰਜਾਬ ਸਾਂਝੀਵਾਲਤਾ ਦਲ ਇਸ ਮੰਗ ਨੂੰ ਆਪਣੇ ਚੋਣ ਏਜੰਡੇ ’ਚ ਸ਼ਾਮਲ ਕਰਦਾ ਹੈ ਤੇ ਇਸ ਨੂੰ ਹਕੀਕਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉੱਪਰਲੀ ਘਾਟੀ ਦੇ ਪ੍ਰਭਾਵਿਤ ਇਲਾਕਿਆਂ ’ਚ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੀ ਤਬਾਹੀ ਰੋਕਣ ਲਈ ਤਾਰਬੰਦੀ ਸਮੇਤ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ। ਇਸ ਦੇ ਨਾਲ ਹੀ ਬੇਤਰਤੀਬ ਤੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਪਿੰਡ ਵਾਸੀਆਂ ਰਾਣਾ ਉਪਿੰਦਰ ਸਿੰਘ, ਅਵਤਾਰ ਸਿੰਘ ਤਾਰੂ ਤੇ ਕੁਲਦੀਪ ਸਿੰਘ ਰੈਸੜਾ ਨੇ ਦੱਸਿਆ ਕਿ ਸਪਾਲਮਾਂ ਤੋਂ ਕਾਹਨਪੁਰ ਖੂਹੀ ਤੱਕ ਵੱਡੇ ਪੱਧਰ ’ਤੇ ਹੋਈ ਕਥਿਤ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਲਗਭਗ 300 ਪਾਣੀ ਦੇ ਬੋਰ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਤੇ ਖੇਤੀਬਾੜੀ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਥਾਈ ਹੱਲ ਨਹਿਰ ਦੇ ਨਿਰਮਾਣ ਨਾਲ ਹੀ ਸੰਭਵ ਹੈ। ਉਨ੍ਹਾਂ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਦੇ ਨਾਂ ’ਤੇ ਦਰਿਆਈ ਪਾਣੀ ਸਬੰਧੀ ਕੀਤੇ ਜਾ ਰਹੇ ਦਾਅਵਿਆਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਅਸਲ ਸਮੱਸਿਆਵਾਂ ਤੋਂ ਭਟਕਾਉਣ ਦੀ ਬਜਾਏ ਠੋਸ ਹੱਲ ਦਿੱਤੇ ਜਾਣ। ਇਸ ਮੌਕੇ ਪਿੰਡ ਦੀਆਂ ਬੀਬੀਆਂ ਨੇ ਮਾਈਨਿੰਗ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਬਾਰੇ ਦੱਸਦਿਆਂ ਕਿਹਾ ਕਿ ਧਮਾਕਿਆਂ ਦੀ ਗੂੰਜ ਨਾਲ ਘਰਾਂ ਦੀਆਂ ਛੱਤਾਂ ਤੇ ਲੈਂਟਰ ਤੱਕ ਹਿੱਲ ਜਾਂਦੇ ਹਨ। ਕੰਧਾਂ ’ਤੇ ਲੱਗੀਆਂ ਟਾਈਲਾਂ ਉਖੜ ਰਹੀਆਂ ਹਨ ਤੇ ਘਰਾਂ ’ਚ ਤਰੇੜਾਂ ਪੈਣ ਕਾਰਨ ਲੋਕ ਚਿੰਤਤ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਕਾਰਨ ਉੱਡਦੀ ਧੂੜ ਨਾਲ ਸਾਹ ਲੈਣ ’ਚ ਦਿੱਕਤ, ਐਲਰਜੀ ਤੇ ਘਰੇਲੂ ਕੰਮਕਾਜ ’ਚ ਵੀ ਭਾਰੀ ਪਰੇਸ਼ਾਨੀ ਆ ਰਹੀ ਹੈ। ਇੱਥੋਂ ਤੱਕ ਕਿ ਘਰਾਂ ’ਚ ਧੋਤੇ ਕੱਪੜੇ ਸੁਕਾਉਣੇ ਵੀ ਮੁਸ਼ਕਲ ਹੋ ਗਏ ਹਨ। ਬੀਬੀਆਂ ਨੇ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਸਮੱਸਿਆਵਾਂ ਦੇ ਹੱਲ ਲਈ ਭਰੋਸੇ ਤਾਂ ਦਿੱਤੇ ਗਏ ਪਰ ਲੋਕਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਮੁਤਾਬਕ ਸਪਾਲਵਾਂ ਤੋਂ ਕਾਹਨਪੁਰ ਖੂਹੀ ਤੱਕ ਲਗਭਗ 300 ਬੋਰ ਫੇਲ੍ਹ ਹੋ ਚੁੱਕੇ ਹਨ ਤੇ ਪਾਣੀ ਦਾ ਪੱਧਰ 15 ਫੁੱਟ ਤੋਂ ਡਿੱਗ ਕੇ 300 ਫੁੱਟ ਤੱਕ ਪਹੁੰਚ ਗਿਆ ਹੈ। ਇੱਕ ਨਵਾਂ ਬੋਰ ਕਰਵਾਉਣ ’ਤੇ ਕਰੀਬ ਪੰਜ ਲੱਖ ਰੁਪਏ ਖਰਚ ਆਉਂਦਾ ਹੈ। ਇਸ ਹਿਸਾਬ ਨਾਲ ਲੋਕਾਂ ਨੂੰ ਸਿਰਫ਼ ਬੋਰਾਂ ਦੇ ਨੁਕਸਾਨ ਕਾਰਨ ਲਗਭਗ 15 ਕਰੋੜ ਰੁਪਏ ਦੀ ਮਾਰ ਪਈ ਹੈ, ਜਿਸ ਲਈ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਲਾਕੇ ’ਚ ਨਹਿਰ ਦਾ ਨਿਰਮਾਣ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਸਰਕਾਰਾਂ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਲੋਕ ਫਤਵੇ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਨਹਿਰ ਦਾ ਨਿਰਮਾਣ ਕਰਵਾਉਣਾ ਉਨ੍ਹਾਂ ਦੀ ਸਰਕਾਰ ਦਾ ਸਭ ਤੋਂ ਪਹਿਲਾ ਕਾਰਜ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਾਂਝੀਵਾਲਤਾ ਦਲ ਦੀ ਰਾਜਨੀਤੀ ਸਿਰਫ਼ ਚੋਣਾਂ ਸਮੇਂ ਵਾਅਦੇ ਕਰਨ ਤੱਕ ਸੀਮਤ ਨਹੀਂ ਰਹੇਗੀ। ਮਾਈਨਿੰਗ ਸਮੇਤ ਇਲਾਕੇ ਦੇ ਵਿਕਾਸ ਤੇ ਲੋਕਾਂ ਨਾਲ ਸਬੰਧਤ ਹਰ ਅਹਿਮ ਫੈਸਲਾ ਲਿਖਤੀ ਰੂਪ ’ਚ ਲਿਆ ਜਾਵੇਗਾ ਤੇ ਉਸ ਨੂੰ ਅਮਲੀ ਰੂਪ ’ਚ ਲਾਗੂ ਕਰਵਾਉਣ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣਨਾ ਹੀ ਨਹੀਂ, ਸਗੋਂ ਉਨ੍ਹਾਂ ਦਾ ਸਥਾਈ ਹੱਲ ਕਰਨਾ ਪਾਰਟੀ ਦੀ ਮੁੱਖ ਤਰਜੀਹ ਹੋਵੇਗੀ। ਇਕੱਤਰਤਾ ਦੌਰਾਨ ਪਿੰਡ ਵਾਸੀਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਗੌਰਵ ਰਾਣਾ ਦੀ ਹਮਾਇਤ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕਸ਼ਮੀਰ ਸਿੰਘ ਨੰਗਲੀ, ਰਜਿੰਦਰ ਸਿੰਘ ਬਾਲੀ, ਗੁਰਦੀਪ ਸਿੰਘ ਸੰਗਤਪੁਰਾ, ਸੂਬੇਦਾਰ ਰੋਸ਼ਨ ਲਾਲ ਸਮੇਤ ਪੰਜਾਬ ਸਾਂਝੀਵਾਲਤਾ ਦਲ ਦੇ ਹੋਰ ਪ੍ਰਮੁੱਖ ਆਗੂ ਤੇ ਪਿੰਡ ਵਾਸੀ ਹਾਜ਼ਰ ਸਨ।