- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਬਾਣੀ ਦੀ ਮਿੱਠੀ ਗੂੰਜ ਨਾਲ ਗੂੰਜਿਆ ਗੁਰੂ ਘਰ

ਗੁਰਦੁਆਰਾ ਸਿੰਘ ਸਭਾ ਵਿਖੇ ਬੱਚਿਆਂ ਨੇ ਗੁਰਬਾਣੀ ਤੇ ਸ਼ਬਦ ਗਾਇਨ ਕਰਕੇ ਸੰਗਤ ਨੂੰ ਕੀਤਾ ਨਿਹਾਲ
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸ਼ਿਵ ਸਿੰਘ ਬੇਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਗੁਰਬਾਣੀ ਤੇ ਸ਼ਬਦ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਪਿੰਡ ਸਨੋਲੀ ਦੇ ਬੱਚਿਆਂ ਏਕਮਦੀਪ ਸਿੰਘ, ਬਲਪ੍ਰੀਤ ਸਿੰਘ ਤੇ ਰਾਜਨਦੀਪ ਸਿੰਘ ਨੇ ਆਪਣੀ ਮਿੱਠੀ ਆਵਾਜ਼ ਤੇ ਸੁਰੀਲੇ ਰਾਗਾਂ ਰਾਹੀਂ ਅਜਿਹਾ ਅਲੌਕਿਕ ਮਾਹੌਲ ਸਿਰਜਿਆ ਕਿ ਸੰਗਤ ਗੁਰਬਾਣੀ ਦੇ ਰਸ ’ਚ ਲੀਨ ਹੋ ਗਈ। ਬੱਚਿਆਂ ਦੀ ਸ਼ਬਦਾਂ ਪ੍ਰਤੀ ਪਕੜ, ਸੁਰਾਂ ਦੀ ਸਮਝ ਤੇ ਸੁਰਬੱਧ ਗਾਇਨ ਨੇ ਸੰਗਤ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਦੀ ਇਸ ਪ੍ਰਤਿਭਾ ਤੇ ਗੁਰਬਾਣੀ ਪ੍ਰਤੀ ਲਗਨ ਦੀ ਹਾਜ਼ਰ ਸੰਗਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਸ਼ਬਦ ਗਾਇਨ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸੰਗਤ ’ਚ ਗੁਰੂ ਕਾ ਪ੍ਰਸ਼ਾਦ ਵਰਤਾਇਆ ਗਿਆ, ਜਿਸ ਨੂੰ ਹਾਜ਼ਰ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਤੇ ਨਿਮਰਤਾ ਨਾਲ ਗ੍ਰਹਿਣ ਕੀਤਾ। ਇਹ ਸਮਾਗਮ ਬੱਚਿਆਂ ’ਚ ਗੁਰਬਾਣੀ, ਸਿੱਖੀ ਵਿਰਸੇ ਤੇ ਧਾਰਮਿਕ ਸੰਸਕਾਰਾਂ ਪ੍ਰਤੀ ਵਧ ਰਹੀ ਰੁਚੀ ਦਾ ਸੁੰਦਰ ਪ੍ਰਗਟਾਵਾ ਬਣਿਆ।