ਸ੍ਰੀਮਦ ਭਾਗਵਤ ਕਥਾ ’ਚ ਨਤਮਸਤਕ ਹੋਏ ਹਰਜੋਤ ਬੈਂਸ ਪਿੰਡ ਕੋਟਲਾ ਵਿਖੇ ਸ੍ਰੀਮਦ ਭਾਗਵਤ ਕਥਾ ਵਿੱਚ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
Publish Date: Tue, 24 Nov 2026 05:07 PM (IST)
Updated Date: Tue, 24 Nov 2026 05:10 PM (IST)
ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਤੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਹਲਕੇ ਦੇ ਪਿੰਡ ਕੋਟਲਾ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ’ਚ ਸ਼ਰਧਾ ਤੇ ਸਤਿਕਾਰ ਨਾਲ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਥਾ ਦਾ ਸਰਵਣ ਕੀਤਾ ਤੇ ਪ੍ਰਭੂ ਚਰਨਾਂ ’ਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ, ਇਲਾਕੇ ਦੀ ਖੁਸ਼ਹਾਲੀ ਤੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਧਾਰਮਿਕ ਸਮਾਗਮ ਦੌਰਾਨ ਮੌਜੂਦ ਸੰਗਤ ’ਚ ਵੀ ਕਾਫ਼ੀ ਉਤਸ਼ਾਹ ਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਕੈਬਨਿਟ ਮੰਤਰੀ ਨੇ ਕਥਾ ’ਚ ਸ਼ਾਮਲ ਹੋ ਕੇ ਧਾਰਮਿਕ ਤੇ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਧਾਰਮਿਕ ਸਮਾਗਮ ਸਾਨੂੰ ਆਪਣੇ ਗੁਰੂਆਂ, ਸੰਤਾਂ ਤੇ ਮਹਾਪੁਰਸ਼ਾਂ ਵੱਲੋਂ ਦਰਸਾਏ ਗਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ। ਸ੍ਰੀਮਦ ਭਾਗਵਤ ਕਥਾ ਦਾ ਉਦੇਸ਼ ਮਨੁੱਖ ਨੂੰ ਪ੍ਰਭੂ ਭਗਤੀ, ਸੱਚਾਈ, ਨੇਕੀ, ਸੇਵਾ ਤੇ ਪਰਉਪਕਾਰ ਦੇ ਰਸਤੇ ਤੇ ਚੱਲਣ ਦਾ ਸੰਦੇਸ਼ ਦੇਣਾ ਹੈ। ਅਜਿਹੇ ਧਾਰਮਿਕ ਸਮਾਗਮ ਸਮਾਜ ’ਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ’ਚ ਧਾਰਮਿਕ ਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਂਦੇ ਹੋਏ ਲੋੜਵੰਦਾਂ ਦੀ ਮਦਦ ਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।