ਧੰਨ-ਧੰਨ ਬਾਪੂ ਕੁੰਭ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਇਆ ਧੰਨ-ਧੰਨ ਬਾਪੂ ਕੁੰਭ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Tue, 24 Nov 2026 03:48 PM (IST)
Updated Date: Tue, 24 Nov 2026 03:49 PM (IST)
ਸਰਵਣ ਫਰਜ਼ੀ ਤੇ ਨੀਸ਼ੂ ਭੱਟੋ ਦੀ ਗਾਇਕੀ ਨੇ ਸੰਗਤਾਂ ਨੂੰ ਕੀਤਾ ਮੰਤਰ-ਮੁਗਧ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਹਾਨ ਫਕੀਰ ਸ਼੍ਰੀ ਸ਼੍ਰੀ 1008 ਧੰਨ-ਧੰਨ ਬਾਪੂ ਕੁੰਭ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਬਾਪੂ ਕੁੰਭ ਦਾਸ ਸੇਵਾ ਮਿਸ਼ਨ ਵੱਲੋਂ ਡੇਰਾ ਬਾਲੇਵਾਲ ਵਿਖੇ ਮੁੱਖ ਗੱਦੀਨਸ਼ੀਨ ਮਹੰਤ ਬੰਤੋ ਦਾਸ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਡੇਰੇ ਵਿਖੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਹੋਇਆ ਤੇ ਸਮੁੱਚਾ ਵਾਤਾਵਰਨ ਗੁਰੂ ਭਗਤੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਸਮਾਗਮ ਦੀ ਸ਼ੁਰੂਆਤ ਵਿਧੀ-ਵਿਧਾਨ ਅਨੁਸਾਰ ਹਵਨ ਯੱਗ ਕਰਵਾਉਣ ਨਾਲ ਹੋਈ, ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਾਮਲ ਹੋ ਕੇ ਸ਼ਰਧਾ ਨਾਲ ਆਹੂਤੀਆਂ ਪਾਈਆਂ। ਇਸ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ ਯੱਗ ਦੀ ਪੂਰਨ ਆਹੂਤੀ ਪਾਈ ਗਈ। ਇਸ ਮੌਕੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਮਹੰਤ ਬੰਤੋ ਦਾਸ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਅਸਲ ਸਫਲਤਾ ਧਨ-ਦੌਲਤ ਜਾਂ ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ’ਚ ਨਹੀਂ, ਸਗੋਂ ਗੁਰੂਆਂ ਤੇ ਮਹਾਂਪੁਰਖਾਂ ਵੱਲੋਂ ਦਰਸਾਏ ਸੱਚ, ਸੇਵਾ, ਸਿਮਰਨ ਤੇ ਪਰਉਪਕਾਰ ਦੇ ਮਾਰਗ ’ਤੇ ਚੱਲਣ ’ਚ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮਨੁੱਖ ਆਪਣੇ ਗੁਰੂ ਦੇ ਬਚਨਾਂ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ, ਉਸ ਦੇ ਜੀਵਨ ’ਚੋਂ ਹਉਮੈ, ਲੋਭ ਤੇ ਵਿਕਾਰਾਂ ਦਾ ਹਨੇਰਾ ਦੂਰ ਹੋਣ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂਆਂ ਦੀ ਸੰਗਤ ਮਨੁੱਖ ਨੂੰ ਸਹੀ ਜੀਵਨ ਜਾਂਚ ਸਿਖਾਉਂਦੀ ਹੈ ਤੇ ਦੂਜਿਆਂ ਦੇ ਦੁੱਖ-ਦਰਦ ਨੂੰ ਸਮਝਣ ਤੇ ਉਨ੍ਹਾਂ ਦੀ ਮਦਦ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮਾਪਿਆਂ ਤੇ ਬਜ਼ੁਰਗਾਂ ਦਾ ਸਤਿਕਾਰ, ਲੋੜਵੰਦਾਂ ਦੀ ਸਹਾਇਤਾ ਤੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੀ ਸੱਚੀ ਧਾਰਮਿਕਤਾ ਦੇ ਪ੍ਰਤੀਕ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਨਾਲ ਜੋੜਨ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਚੰਗੇ ਸੰਸਕਾਰਾਂ ਦੀ ਵਿਰਾਸਤ ਨੂੰ ਅੱਗੇ ਤੋਰ ਸਕਣ। ਉਨ੍ਹਾਂ ਕਿਹਾ ਕਿ ਗੁਰੂ ਦੇ ਦੱਸੇ ਮਾਰਗ ’ਤੇ ਚੱਲਣ ਵਾਲੇ ਮਨੁੱਖ ਦਾ ਕੇਵਲ ਆਪਣਾ ਜੀਵਨ ਹੀ ਨਹੀਂ ਸੰਵਰਦਾ, ਸਗੋਂ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਨੇਕ ਰਾਹ ਪੱਧਰਾ ਹੁੰਦਾ ਹੈ। ਇਸ ਉਪਰੰਤ ਸਟੇਜੀ ਪ੍ਰੋਗਰਾਮ ਦੌਰਾਨ ਉੱਘੇ ਧਾਰਮਿਕ ਫ਼ਨਕਾਰ ਸਰਵਣ ਫਰਜ਼ੀ ਤੇ ਨੀਸ਼ੂ ਭੱਟੋ ਨੇ ਆਪਣੀ ਸੁਰੀਲੀ ਗਾਇਕੀ ਰਾਹੀਂ ਅਜਿਹਾ ਸਮਾਂ ਬੰਨ੍ਹਿਆ ਕਿ ਸੰਗਤਾਂ ਦੇਰ ਸ਼ਾਮ ਤੱਕ ਭਗਤੀ ਤੇ ਸੰਗੀਤ ਦੇ ਰਸ ’ਚ ਲੀਨ ਰਹੀਆਂ। ਰਾਤ ਸਮੇਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੇ ਅੰਤ ’ਚ ਪ੍ਰਬੰਧਕਾਂ ਵੱਲੋਂ ਪਹੁੰਚੇ ਕਲਾਕਾਰਾਂ ਤੇ ਹੋਰ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਫਲਤਾ ਲਈ ਡੇਰੇ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ।