- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾਮੁਕਤੀ ਤੋਂ ਮਹੀਨਿਆਂ ਬਾਅਦ ਵੀ ਦੋ ਬੇਲਦਾਰ ਪੈਨਸ਼ਨ ਤੋਂ ਵਾਂਝੇ, ਜੰਗਲਾਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ

ਜਥੇਬੰਦੀ ਵੱਲੋਂ ਸੰਘਰਸ਼ ਦੀ ਚਿਤਾਵਨੀ
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਜੰਗਲਾਤ ਵਿਭਾਗ ’ਚ ਦਹਾਕਿਆਂ ਤੱਕ ਆਪਣਾ ਪਸੀਨਾ ਵਹਾ ਕੇ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਵੀ ਆਪਣੇ ਹੱਕਾਂ ਲਈ ਦਫ਼ਤਰਾਂ ਦੀਆਂ ਖਾਕਾਂ ਛਾਣਨੀਆਂ ਪੈ ਰਹੀਆਂ ਹਨ। ਰੂਪਨਗਰ ਮੰਡਲ ਦੇ ਦੋ ਸੇਵਾਮੁਕਤ ਬੇਲਦਾਰਾਂ ਨੂੰ ਸੇਵਾਮੁਕਤੀ ਦੇ ਮਹੀਨਿਆਂ ਬਾਅਦ ਵੀ ਪੈਨਸ਼ਨ ਨਾ ਮਿਲਣ ਦਾ ਮਾਮਲਾ ਸਾਹਮਣੇ ਆਉਣ ’ਤੇ ਜੰਗਲਾਤ ਜਥੇਬੰਦੀ ਨੇ ਵਿਭਾਗੀ ਕਾਰਜਪ੍ਰਣਾਲੀ ਵਿਰੁੱਧ ਤਿੱਖਾ ਰੋਸ ਪ੍ਰਗਟ ਕੀਤਾ ਹੈ।
ਜਥੇਬੰਦੀ ਦੇ ਆਗੂ ਜਸਪਾਲ ਸਿੰਘ ਨੂਰਪੁਰਬੇਦੀ ਨੇ ਦੋਸ਼ ਲਾਇਆ ਕਿ ਵਿਭਾਗੀ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਤੇ ਫਾਈਲਾਂ ਦੇ ਪੱਧਰ ’ਤੇ ਹੋ ਰਹੀ ਬੇਲੋੜੀ ਦੇਰੀ ਕਾਰਨ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸੰਵਿਧਾਨਕ ਤੇ ਸੇਵਾ ਨਿਯਮਾਂ ਤਹਿਤ ਬਣਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਜਸਪਾਲ ਸਿੰਘ ਨੇ ਦੱਸਿਆ ਕਿ ਰੂਪਨਗਰ ਮੰਡਲ ਦੇ ਬੇਲਦਾਰ ਚਮਨ ਲਾਲ ਤੇ ਗੱਜਣ ਸਿੰਘ 31 ਮਾਰਚ 2026 ਨੂੰ ਸੇਵਾਮੁਕਤ ਹੋ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਦੀ ਪੈਨਸ਼ਨ ਦੀ ਅਦਾਇਗੀ ਸ਼ੁਰੂ ਨਹੀਂ ਹੋ ਸਕੀ। ਉਨ੍ਹਾਂ ਅਨੁਸਾਰ ਪੈਨਸ਼ਨ ਕੇਸਾਂ ਦੀ ਪ੍ਰਕਿਰਿਆ ’ਚ ਵਾਰ-ਵਾਰ ਇਤਰਾਜ਼ ਲਗਾ ਕੇ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਕਦੇ ਸਰਵਿਸ ਬੁੱਕ ਅਗਲੇ ਪੱਧਰ ’ਤੇ ਭੇਜਣ ’ਚ ਦੇਰੀ ਕੀਤੀ ਜਾਂਦੀ ਹੈ ਤੇ ਕਦੇ ਪੁਰਾਣੀ ਡੇਲੀਵੇਜ ਸੇਵਾ ਨੂੰ ਰੈਗੂਲਰ ਸੇਵਾ ਨਾਲ ਜੋੜਨ ਸਬੰਧੀ ਲੋੜੀਂਦੀ ਕਾਰਵਾਈ ਅਧੂਰੀ ਛੱਡ ਦਿੱਤੀ ਜਾਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਸੇਵਾਮੁਕਤ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਆਪਣੀ ਸਰਵਿਸ ਬੁੱਕ ਦੀ ਕਾਪੀ ਤੱਕ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਲੰਮੇ ਸੰਘਰਸ਼ ਉਪਰੰਤ ਸਾਲ 2007 ’ਚ ਇਹ ਫ਼ੈਸਲਾ ਕਰਵਾਇਆ ਗਿਆ ਸੀ ਕਿ ਮੁਲਾਜ਼ਮਾਂ ਦੀ ਪੁਰਾਣੀ ਡੇਲੀਵੇਜ ਸੇਵਾ ਨੂੰ ਜੋੜ ਕੇ ਉਨ੍ਹਾਂ ਨੂੰ ਬਣਦੇ ਸੇਵਾ ਤੇ ਪੈਨਸ਼ਨਰੀ ਲਾਭ ਦਿੱਤੇ ਜਾਣਗੇ। ਇਸ ਦੇ ਬਾਵਜੂਦ ਫ਼ੈਸਲੇ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਨਾ ਕਰਨਾ ਵਿਭਾਗੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ ਕੇਸਾਂ ਦੀ ਜਾਂਚ ਤੇ ਪ੍ਰਵਾਨਗੀ ਦੀ ਪ੍ਰਕਿਰਿਆ ਨੂੰ ਸਮਾਂਬੱਧ ਕੀਤਾ ਜਾਵੇ ਤਾਂ ਜੋ ਸੇਵਾਮੁਕਤ ਮੁਲਾਜ਼ਮਾਂ ਨੂੰ ਆਪਣੇ ਹੱਕਾਂ ਲਈ ਹੋਰ ਖੱਜਲ-ਖੁਆਰ ਨਾ ਹੋਣਾ ਪਵੇ।
ਜਸਪਾਲ ਸਿੰਘ ਨੇ ਵਿਭਾਗ ਅੰਦਰ ਸੇਵਾ ਲਾਭਾਂ ਦੀ ਵੰਡ ’ਚ ਕਥਿਤ ਵਿਤਕਰੇ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਰੇਂਜਾਂ ’ਚ ਸਾਲ 2001 ਤੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਦਿਹਾੜੀਦਾਰ ਕਾਮਿਆਂ ਨੂੰ ਅਜੇ ਵੀ ਯੋਗਤਾ ਅਨੁਸਾਰ ਬਣਦੇ ਲਾਭ ਨਹੀਂ ਦਿੱਤੇ ਜਾ ਰਹੇ, ਜਦਕਿ ਰੂਪਨਗਰ ਮੰਡਲ ’ਚ ਸਾਲ 2013-14 ਦੌਰਾਨ ਭਰਤੀ ਹੋਏ ਕੁਝ ਕਾਮਿਆਂ ਨੂੰ ਦਸ ਸਾਲਾਂ ਦੀ ਸੇਵਾ ਦੇ ਆਧਾਰ ’ਤੇ ਕਰੀਬ ਨੌਂ-ਨੌਂ ਲੱਖ ਰੁਪਏ ਦੇ ਲਾਭ ਦਿੱਤੇ ਗਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਬਾਅਦ ’ਚ ਭਰਤੀ ਹੋਏ ਮੁਲਾਜ਼ਮਾਂ ਨੂੰ ਸੇਵਾ ਲਾਭ ਦਿੱਤੇ ਜਾ ਸਕਦੇ ਹਨ ਤਾਂ ਸਾਲਾਂ ਤੋਂ ਕੰਮ ਕਰ ਰਹੇ ਪੁਰਾਣੇ ਕਾਮਿਆਂ ਦੇ ਕੇਸਾਂ ’ਚ ਅੜਿੱਕੇ ਕਿਉਂ ਪਾਏ ਜਾ ਰਹੇ ਹਨ। ਉਨ੍ਹਾਂ 1990 ਤੋਂ ਪਹਿਲਾਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਕਾਮਿਆਂ ਦੇ ਹੱਕਾਂ ਨੂੰ ਵੀ ਅਣਗੌਲਿਆ ਕਰਨ ਦੇ ਦੋਸ਼ ਲਗਾਏ।
ਜਥੇਬੰਦੀ ਦੇ ਆਗੂ ਨੇ ਸਪੱਸ਼ਟ ਕੀਤਾ ਕਿ ਪੈਨਸ਼ਨ ਕੋਈ ਖੈਰਾਤ ਨਹੀਂ, ਸਗੋਂ ਲੰਮੇ ਸਮੇਂ ਤੱਕ ਵਿਭਾਗ ਦੀ ਸੇਵਾ ਕਰਨ ਵਾਲੇ ਮੁਲਾਜ਼ਮਾਂ ਦਾ ਬਣਦਾ ਹੱਕ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਨੇ ਚਮਨ ਲਾਲ ਤੇ ਗੱਜਣ ਸਿੰਘ ਦੇ ਪੈਨਸ਼ਨ ਕੇਸਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਾਲ-ਨਾਲ ਪੁਰਾਣੀ ਡੇਲੀਵੇਜ ਸੇਵਾ ਨੂੰ ਜੋੜਨ ਤੇ ਹੋਰ ਸੇਵਾ ਲਾਭਾਂ ਸਬੰਧੀ ਮਾਮਲਿਆਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਵੱਲੋਂ ਵਰਕਰਾਂ ਨੂੰ ਇਕਜੁੱਟ ਕਰਕੇ ਵਿਭਾਗ ਵਿਰੁੱਧ ਵਿਆਪਕ ਸੰਘਰਸ਼ ਵਿੱਢਿਆ ਜਾਵੇਗਾ।