ਤਿੰਨ ਤਗ਼ਮੇ ਜਿੱਤ ਕੇ ਚਰਨਪ੍ਰੀਤ ਸਿੰਘ ਨੇ ਚਮਕਾਇਆ ਝੱਜ ਸਕੂਲ ਦਾ ਨਾਂ ਤਿੰਨ ਤਮਗੇ ਜਿੱਤ ਕੇ ਚਰਨਪ੍ਰੀਤ ਸਿੰਘ ਨੇ ਚਮਕਾਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦਾ ਨਾਂ
Publish Date: Mon, 23 Nov 2026 06:33 PM (IST)
Updated Date: Mon, 23 Nov 2026 06:34 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰ ਬੇਦੀ: ਜੇਕਰ ਮਨ ’ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਚੁਣੌਤੀ ਮੰਜ਼ਿਲ ਦੇ ਰਾਹ ’ਚ ਰੁਕਾਵਟ ਨਹੀਂ ਬਣ ਸਕਦੀ। ਇਸ ਕਥਨ ਨੂੰ ਅਮਲੀ ਰੂਪ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੇ ਹੋਣਹਾਰ ਵਿਦਿਆਰਥੀ ਚਰਨਪ੍ਰੀਤ ਸਿੰਘ ਨੇ ਐਥਲੈਟਿਕਸ ਦੇ ਮੈਦਾਨ ’ਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਤਿੰਨ ਤਮਗੇ ਆਪਣੇ ਨਾਂ ਕੀਤੇ ਹਨ। ਵਿਸ਼ੇਸ਼ ਲੋੜਾਂ ਵਾਲੇ ਇਸ ਵਿਦਿਆਰਥੀ ਦੀ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਸਕੂਲ ਸਗੋਂ ਸਮੁੱਚੇ ਇਲਾਕੇ ਲਈ ਮਾਣ ਤੇ ਪ੍ਰੇਰਨਾ ਦਾ ਵਿਸ਼ਾ ਬਣੀ ਹੋਈ ਹੈ। ਚਰਨਪ੍ਰੀਤ ਸਿੰਘ ਨੇ 400 ਮੀਟਰ ਦੌੜ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੱਧਰਾਂ ’ਤੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ। ਉਸ ਨੇ ਰੂਪਨਗਰ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਸੋਨੇ ਦਾ ਤਮਗਾ, ਹੁਸ਼ਿਆਰਪੁਰ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ’ਚ ਚਾਂਦੀ ਦਾ ਤਮਗਾ ਤੇ ਲੁਧਿਆਣਾ ਵਿਖੇ ਕਰਵਾਈਆਂ ਗਈਆਂ ਸਪੈਸ਼ਲ ਓਲੰਪਿਕਸ ਭਾਰਤ ਪੰਜਾਬ ਸਟੇਟ ਖੇਡਾਂ ’ਚ ਮੁੜ ਸੋਨੇ ਦਾ ਤਮਗਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਦੀ ਇਸ ਤਮਗਾ ਜੇਤੂ ਸਫ਼ਲਤਾ ਪਿੱਛੇ ਨਿਰੰਤਰ ਅਭਿਆਸ, ਅਥਾਹ ਮਿਹਨਤ ਤੇ ਖੇਡਾਂ ਪ੍ਰਤੀ ਸਮਰਪਣ ਦੀ ਭਾਵਨਾ ਸਾਫ਼ ਝਲਕਦੀ ਹੈ। ਇਸ ਮੌਕੇ ਸਕੂਲ ਇੰਚਾਰਜ ਤਜਿੰਦਰ ਸਿੰਘ ਨੇ ਕਿਹਾ ਕਿ ਚਰਨਪ੍ਰੀਤ ਸਿੰਘ ਦੀ ਪ੍ਰਾਪਤੀ ਕੇਵਲ ਤਿੰਨ ਤਮਗੇ ਜਿੱਤਣ ਤੱਕ ਸੀਮਤ ਨਹੀਂ, ਬਲਕਿ ਇਹ ਦ੍ਰਿੜ੍ਹ ਇਰਾਦੇ, ਆਤਮ-ਵਿਸ਼ਵਾਸ ਤੇ ਅੰਦਰੂਨੀ ਹੌਸਲੇ ਦੀ ਅਜਿਹੀ ਮਿਸਾਲ ਹੈ, ਜੋ ਹਰ ਵਿਦਿਆਰਥੀ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਨਿਰੰਤਰ ਯਤਨਸ਼ੀਲ ਰਹਿਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਚਰਨਪ੍ਰੀਤ ਨੇ ਸਾਬਤ ਕਰ ਦਿੱਤਾ ਹੈ ਕਿ ਕਾਮਯਾਬੀ ਸਰੀਰਕ ਸਮਰੱਥਾ ਦੀ ਮੁਥਾਜ ਨਹੀਂ ਹੁੰਦੀ, ਸਗੋਂ ਇਸ ਲਈ ਦ੍ਰਿੜ੍ਹ ਸੰਕਲਪ ਤੇ ਮਿਹਨਤ ਦੀ ਲੋੜ ਹੁੰਦੀ ਹੈ। ਇਸ ਮੌਕੇ ਲੈਕਚਰਾਰ ਸੁਖਪ੍ਰੀਤ ਸਿੰਘ, ਸਤਨਾਮ ਸਿੰਘ, ਸੁਨੀਤਾ ਰਾਣੀ, ਜਗਬੀਰ ਕੌਰ, ਜਸਵਿੰਦਰ ਕੌਰ, ਸੋਮ ਨਾਥ, ਰਾਜਿੰਦਰ ਕੁਮਾਰ, ਰਜਨੀਸ਼ ਕੁਮਾਰ, ਸੋਹਨ ਸਿੰਘ ਚਾਹਲ, ਨਰਿੰਦਰ ਸਿੰਘ, ਹਰਪ੍ਰੀਤ ਕੌਰ, ਕਮਲੇਸ਼ ਕੌਰ, ਪੂਨਮ ਕੁਮਾਰੀ, ਸੁਖਵਿੰਦਰ ਕੌਰ, ਜੋਤੀ ਬਾਲਾ, ਮਨਪ੍ਰੀਤ ਕੌਰ, ਸਤਿੰਦਰ ਕੌਰ, ਸੁਮਨ ਰਾਣੀ, ਸਤਵਿੰਦਰ ਕੌਰ, ਜਸਵੀਰ ਕੌਰ, ਸੰਦੀਪ ਕੌਰ, ਪਰੇਹਾ, ਰੰਜਨਾ ਸ਼ਰਮਾ, ਸੁਰਿੰਦਰ ਕੌਰ, ਅਲਕਾ ਰਾਣੀ, ਪ੍ਰਵੀਨ ਕੁਮਾਰੀ, ਇੰਦਰਪਾਲ ਸਿੰਘ, ਮਨਿੰਦਰ ਸਿੰਘ, ਸੰਧਿਆ ਦੇਵੀ ਤੇ ਰਾਣੀ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।