- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੱਕ ਯੂਨੀਅਨ ਦਫਤਰ ਮੱਸੇਵਾਲ ਵਿਖੇ ਹਿੰਸਕ ਝਪਟ, ਪੰਜ ਵਿਅਕਤੀ ਜ਼ਖਮੀ, ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ, ਜਾਂਚ ਜਾਰੀ

ਕੁਝ ਵਿਅਕਤੀਆਂ ਵੱਲੋਂ ਨਿਹੱਥੇ ਆਪਰੇਟਰਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਅੱਜ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਜਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਦੀ ਕੀਰਤਪੁਰ ਸਾਹਿਬ ਟਰੱਕ ਆਪਰੇਟਰ ਟਰਾਂਸਪੋਰਟ ਸੋਸਾਇਟੀ ਦਫ਼ਤਰ ਮੱਸੇਵਾਲ ਵਿਖੇ ਅੱਜ ਦੋ ਧਿਰਾਂ ਦਰਮਿਆਨ ਹਿੰਸਕ ਝਪਟ ਹੋਈ ਹੈ ਜਿਸ ’ਚ ਇੱਕ ਧਿਰ ਦੇ ਚਾਰ ਵਿਅਕਤੀ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਭਾਈ ਜੈਤਾ ਜੀ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਦਾਖਲ ਕਰਵਾਇਆ ਗਿਆ। ਪੁਲਿਸ ਪ੍ਰਸ਼ਾਸਨ ਕੁਝ ਸਮੇਂ ਬਾਅਦ ਮੌਕੇ ’ਤੇ ਪਹੁੰਚ ਗਿਆ ਤੇ ਜਖ਼ਮੀ ਹੋਏ ਵਿਅਕਤੀਆਂ ਨੂੰ ਪੁਲਿਸ ਨੇ ਇਲਾਜ ਲਈ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਭੇਜਿਆ ਜਦੋਂ ਕਿ ਇੱਕ ਵਿਅਕਤੀ ਪਹਿਲਾਂ ਹੀ ਇਲਾਜ ਲਈ ਜਾ ਚੁੱਕਿਆ ਸੀ। ਇਸ ਭਿਆਨਕ ਝੜਪ ’ਚ ਜਖ਼ਮੀ ਹੋਏ ਵਿਅਕਤੀਆਂ ਦੀ ਪਹਿਚਾਣ ਜਸਪ੍ਰੀਤ ਸਿੰਘ ਬਾਠ, ਅਜਮੇਰ ਸਿੰਘ ਮੱਸੇਵਾਲ, ਬਲਵੀਰ ਸਿੰਘ ਚੋਧਰੀ ਤੇ ਸਤਵਿੰਦਰ ਸਿੰਘ ਬਾਊ, ਸੁਖਦੇਵ ਸਿੰਘ ਸੁੱਖੂ ਨਾਮ ਦਾ ਵਿਅਕਤੀ ਗੰਭੀਰ ਜਖ਼ਮੀ ਹੋਇਆ ਹੈ ਜੋ ਜੇਰੇ ਇਲਾਜ ਹਨ। ਡਾਕਟਰਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਵਿੰਦਰ ਸਿੰਘ ਬਾਊ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਚੰਡੀਗੜ੍ਹ 32 ਸੈਕਟਰ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਹੈ, ਬਲਵੀਰ ਸਿੰਘ ਸ਼ਾਹਪੁਰ ਦੇ ਅਨੁਸਾਰ ਸਤਵਿੰਦਰ ਸਿੰਘ ਬਾਉ ਦੇ ਗੋਲੀ ਲੱਗੀ ਹੈ।
ਦੱਸਣਯੋਗ ਹੈ ਕੀ ਪਿਛਲੇ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਦਾ ਵਿਵਾਦ ਚਲਦਾ ਆ ਰਿਹਾ ਹੈ ਇਸ ਤੋਂ ਪਹਿਲਾਂ ਵੀ ਇੱਕ ਧੜੇ ਵੱਲੋਂ ਯੂਨੀਅਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਅੱਗੇ ਬਲਬੀਰ ਸਿੰਘ ਸ਼ਾਹਪੁਰ ਵੱਲੋਂ ਸਾਥੀਆਂ ਸਮੇਤ ਧਰਨਾ ਦਿੱਤਾ ਗਿਆ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਦੂਜੇ ਧੜੇ ਦੇ ਵਿਅਕਤੀ ਬਾਹਰੀ ਬੰਦਿਆਂ ਨਾਲ ਯੂਨੀਅਨ ਦੇ ਨਜ਼ਦੀਕ ਗੇੜੇ ਕੱਢ ਰਹੇ ਸਨ। ਇਸ ਸਬੰਧੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਵੀ ਕਰਵਾਇਆ ਗਿਆ ਸੀ ਤੇ ਅੱਜ ਵੀ ਡਿਮਾਂਡ ਹੋਣ ਤੋਂ ਬਾਅਦ ਉਹ ਦਰਖਾਸਤ ਲਿਖ ਰਹੇ ਸਨ। ਉਨ੍ਹਾਂ ਦੱਸਿਆ ਕਿ ਡਿਮਾਂਡ ਤੋਂ ਬਾਅਦ ਕੁਝ ਟਰੱਕ ਮਾਲਕਾਂ ਵੱਲੋਂ ਵਿਚਾਰ ਚਰਚਾ ਹੋ ਰਹੀ ਸੀ ਤੇ ਚਾਹ ਪੀ ਰਹੇ ਸਨ ਕਿ ਅਚਾਨਕ ਕੁਝ ਲੋਕਲ ਤੇ ਬਾਹਰੀ ਵਿਅਕਤੀਆਂ ਵੱਲੋਂ ਪਿੱਛੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਤੇ ਉਨ੍ਹਾਂ ਦੇ ਕਈ ਟਰੱਕ ਆਪਰੇਟਰਾਂ ਨੂੰ ਡੰਡਿਆਂ ਪਾਈਪਾਂ ਤੇ ਤੇਜ਼ਧਾਰਾਂ ਹਥਿਆਰਾਂ ਨਾਲ ਕੁੱਟਿਆ ਗਿਆ।
ਇਸ ਸਬੰਧੀ ਬਲਬੀਰ ਸਿੰਘ ਸ਼ਾਹਪੁਰ ਨੇ ਐਲਾਨ ਕੀਤਾ ਹੈ ਕਿ ਸੱਤਾਧਾਰੀ ਧਿਰ ਤੇ ਮੌਜੂਦਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚਲਦੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਅੱਗੇ ਮੰਗਲਵਾਰ 24 ਨਵੰਬਰ ਨੂੰ ਸਵੇਰੇ 10 ਵਜੇ ਵੱਡਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੇ ਇਸ ਧੱਕੇ ਤੇ ਗੁੰਡਾਗਰਦੀ ਦੇ ਖਿਲਾਫ਼ ਇੱਕਜੁਟ ਹੋ ਕੇ ਉਨ੍ਹਾਂ ਨੂੰ ਇਨਸਾਫ ਦੇਣ ਲਈ ਧਰਨੇ ’ਚ ਪਹੁੰਚਣ।
ਇਸ ਸਬੰਧੀ ਦੂਜੀ ਧਿਰ ਵੱਲੋਂ ਵੀ ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਤੇ ਗੰਭੀਰ ਇਲਜ਼ਾਮ ਲਗਾਏ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਡਿਮਾਂਡ ਦਾ ਸਮਾਂ ਸੀ ਤੇ ਉਕਤ ਵਿਅਕਤੀਆਂ ਵੱਲੋਂ ਜਾਣ ਬੁਝ ਕੇ ਝਗੜਾ ਸ਼ੁਰੂ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਧੜੇ ਵੱਲੋਂ ਆਪਣੇ ਆਪ ਨੂੰ ਪ੍ਰਧਾਨ ਦੱਸਿਆ ਜਾ ਰਿਹਾ ਹੈ ਜਦੋਂ ਕਿ ਮੌਜੂਦਾ ਕਮੇਟੀ ਭੰਗ ਹੈ ਤੇ ਸਾਰਾ ਕਾਰਜ ਕਾਲ ਪ੍ਰਬੰਧਕ ਦੇ ਹੱਥ ਹੈ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗ ਰਹੇ ਹਨ। ਪਰ ਅਸਲੀ ਸੱਚਾਈ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।
ਇਸ ਸਬੰਧੀ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਦੋ ਧਿਰਾਂ ਦੀ ਆਪਸੀ ਲੜਾਈ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤ ਕਾਬੂ ਹੇਠ ਕਰ ਲਏ ਹਨ। ਜਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਜਾ ਕੇ ਨਜ਼ਦੀਕੀ ਸੀਸੀਟੀਵੀ ਕੈਮਰੇ ਤੇ ਪੁਖਤਾ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਜਖ਼ਮੀ ਵਿਅਕਤੀਆਂ ਦੇ ਬਿਆਨ ਲਏ ਜਾਣਗੇ ਤੇ ਜੋ ਵੀ ਇਸ ਸਬੰਧੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।