ਨੂਰਪੁਰ ਬੇਦੀ-ਝੱਜ ਸੜਕ ਦੀ ਬਦਲੇਗੀ ਨੁਹਾਰ: 7.95 ਕਰੋੜ ਨਾਲ ਡਬਲ ਲੇਅਰ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਨੂਰਪੁਰ ਬੇਦੀ-ਝੱਜ ਸੜਕ ਦੀ ਕਾਇਆ-ਕਲਪ ਵੱਲ ਵਧੇ ਕਦਮ, 7.95 ਕਰੋੜ ਦੀ ਲਾਗਤ ਨਾਲ ਡਬਲ ਲੇਅਰ ਦਾ ਕੰਮ ਜੰਗੀ ਪੱਧਰ ’ਤੇ ਜਾਰੀ
Publish Date: Mon, 23 Nov 2026 06:06 PM (IST)
Updated Date: Mon, 23 Nov 2026 06:07 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ, : ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੂਰਪੁਰ ਬੇਦੀ ਤੋਂ ਝੱਜ ਨੂੰ ਜਾਣ ਵਾਲੀ ਅਹਿਮ ਸੜਕ ਦੀ ਨੁਹਾਰ ਬਦਲਣ ਲਈ ਡਬਲ ਲੇਅਰ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਸ ਮਹੱਤਵਪੂਰਨ ਸੜਕੀ ਪ੍ਰਾਜੈਕਟ ’ਤੇ ਕਰੀਬ 7 ਕਰੋੜ 95 ਲੱਖ ਰੁਪਏ ਦੀ ਲਾਗਤ ਆਵੇਗੀ। ਸੜਕ ’ਤੇ ਆਧੁਨਿਕ ਮਸ਼ੀਨਰੀ ਦੀ ਮਦਦ ਨਾਲ ਪ੍ਰੀਮਿਕਸ ਪਾਉਣ ਤੇ ਰੋਲਰ ਰਾਹੀਂ ਉਸ ਦੀ ਕੰਪੈਕਸ਼ਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਮੌਕੇ ’ਤੇ ਤਾਇਨਾਤ ਪੇਵਰ ਮਸ਼ੀਨਾਂ ਤੇ ਭਾਰੀ ਰੋਡ ਰੋਲਰ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਸੜਕ ਨਿਰਮਾਣ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਤਕਨੀਕੀ ਪੱਖੋਂ ਸੜਕ ਦੀ ਡਬਲ ਲੇਅਰਿੰਗ ਦਾ ਕੰਮ ਕਾਫ਼ੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਸੜਕ ਦੀ ਸਤ੍ਹਾ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਤਿਆਰ ਕਰਕੇ ਬਿਟੂਮਿਨਸ ਮੈਟੀਰੀਅਲ ਦੀਆਂ ਪਰਤਾਂ ਵਿਛਾਈਆਂ ਜਾਂਦੀਆਂ ਹਨ। ਪੇਵਰ ਮਸ਼ੀਨ ਰਾਹੀਂ ਸਮੱਗਰੀ ਨੂੰ ਇਕਸਾਰ ਮੋਟਾਈ ਤੇ ਲੈਵਲ ’ਚ ਵਿਛਾਉਣ ਤੋਂ ਬਾਅਦ ਰੋਲਰ ਨਾਲ ਲੋੜੀਂਦੀ ਕੰਪੈਕਸ਼ਨ ਕੀਤੀ ਜਾਂਦੀ ਹੈ, ਤਾਂ ਜੋ ਸੜਕ ਦੀ ਮਜ਼ਬੂਤੀ, ਸਮਤਲਤਾ ਤੇ ਟਿਕਾਊਪਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਸੜਕ ਦੇ ਕਿਨਾਰਿਆਂ ਦੀ ਫਿਨਿਸ਼ਿੰਗ ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਸੜਕ ਦੀ ਲੰਮੀ ਉਮਰ ਲਈ ਅਹਿਮ ਹੁੰਦਾ ਹੈ। ਇਸ ਸਬੰਧੀ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ ਹੈ। ਸੜਕਾਂ ਕਿਸੇ ਵੀ ਖੇਤਰ ਦੀ ਆਰਥਿਕ ਤੇ ਸਮਾਜਿਕ ਤਰੱਕੀ ਦੀਆਂ ਜੀਵਨ ਰੇਖਾਵਾਂ ਹੁੰਦੀਆਂ ਹਨ। ਇਸ ਲਈ ਵਿਕਾਸ ਕਾਰਜਾਂ ’ਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਦੀ ਗੁਣਵੱਤਾ ਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਨੂੰ ਲੰਮੇ ਸਮੇਂ ਤੱਕ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਤੇ ਕਸਬਿਆਂ ਨੂੰ ਬਿਹਤਰ ਸੜਕੀ ਸੰਪਰਕ ਨਾਲ ਜੋੜਨ ਲਈ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਉੱਧਰ, ਇਲਾਕਾ ਨਿਵਾਸੀਆਂ ਨੇ ਸੜਕ ਦੇ ਨਿਰਮਾਣ ਕਾਰਜ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸੜਕ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਲਈ ਬੇਹੱਦ ਮਹੱਤਵਪੂਰਨ ਹੈ। ਸੜਕ ਦੀ ਨਵੀਂ ਦਿੱਖ ਨਾਲ ਆਵਾਜਾਈ ਸੁਖਾਲੀ ਹੋਵੇਗੀ ਤੇ ਵਾਹਨ ਚਾਲਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਉਨ੍ਹਾਂ ਇਸ ਵਿਕਾਸ ਕਾਰਜ ਲਈ ਵਿਧਾਇਕ ਦਿਨੇਸ਼ ਚੱਢਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਸੜਕ ਦਾ ਕੰਮ ਉੱਚ ਗੁਣਵੱਤਾ ਨਾਲ ਮੁਕੰਮਲ ਕੀਤਾ ਜਾਵੇਗਾ।