- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦਾ ਸਨਾਤਨ ਧਰਮ ਵੱਲੋਂ ਸ਼ਰਧਾ ਨਾਲ ਸਵਾਗਤ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਗੁਰਦੁਆਰਾ ਚਰਨਕੰਵਲ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦਾ ਸਨਾਤਨ ਧਰਮ ਸਭਾ ਸ਼੍ਰੀ ਕੀਰਤਪੁਰ ਸਾਹਿਬ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਬੰਧੀ ਸਨਾਤਨ ਧਰਮ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸ਼ਰਧਾ ਨਾਲ ਸਨਮਾਨ ਕੀਤਾ ਗਿਆ।
ਇਸ ਵਿਸ਼ਾਲ ਨਗਰ ਕੀਰਤਨ ਸਬੰਧੀ ਸਨਾਤਨ ਧਰਮ ਸਭਾ ਵੱਲੋਂ ਰਾਮ ਮੰਦਰ ਚੌਂਕ ਸ਼ਿਵ ਮੰਦਿਰ ਅੱਗੇ ਸਟੇਜ ਸਜਾਈ ਗਈ ਜਿੱਥੇ ਕੁਝ ਸਮੇਂ ਲਈ ਭਾਈ ਜੋਗਿੰਦਰ ਸਿੰਘ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਸਨਾਤਨ ਧਰਮ ਵੱਲੋਂ ਨਗਰ ਕੀਰਤਨ ’ਚ ਸ਼ਰਧਾ ਨਾਲ ਸਨਮਾਨ ਕਰਨਾ ਸਿੱਖ ਹਿੰਦੂ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਇਸ ਦੌਰਾਨ ਸਥਾਨਕ ਦੁਕਾਨਦਾਰਾਂ ਵੱਲੋਂ ਸੰਗਤਾਂ ਲਈ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸਥਾਨਕ ਦੁਕਾਨਦਾਰਾਂ ਅਤੇ ਨੌਜਵਾਨਾਂ ਵੱਲੋਂ ਸੰਗਤ ਦੀ ਸੇਵਾ ਕੀਤੀ ਗਈ ਅਤੇ ਸਕੂਲਾਂ ਦੇ ਬੈਂਡਵਾਜਿਆਂ ਦੀ ਧੁਨਾਂ ਨਾਲ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਵਿਸ਼ਾਲ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਹੋਇਆ।
ਇਸ ਦੌਰਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਾਤਨ ਧਰਮ ਸਭਾ ਦੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੰਦਿਰ ਪ੍ਰਧਾਨ ਸੁਨੀਲ ਦੱਤ ਦਿਵੇਦੀ, ਅਮਿਤ ਕੁਮਾਰ ਚਾਵਲਾ, ਆਵਿਨਵ ਕੁਮਾਰ ਟੰਡਨ, ਸੋਮ ਦੱਤ ਜੋਸ਼ੀ, ਰਜਨੀਸ਼ ਕੁਮਾਰ ਜੋਸ਼ੀ, ਮਲਕੀਤ ਸਿੰਘ, ਕ੍ਰਿਸ਼ਨ ਕਾਤ ਸਮੇਤ ਵੱਡੀ ਗਿਣਤੀ ’ਚ ਸਨਾਤਨ ਧਰਮ ਸਭਾ ਦੇ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।