ਮੁੱਖ ਫਲਾਈਓਵਰ ’ਤੇ ਅਵਾਰਾ ਪਸ਼ੂਆਂ ਦਾ ਡੇਰਾ, ਵੱਡੇ ਹਾਦਸਿਆਂ ਨੂੰ ਸੱਦਾ ਨੰਗਲ ਦੇ ਮੁੱਖ ਫਲਾਈਓਵਰ ’ਤੇ ਅਵਾਰਾ ਪਸ਼ੂਆਂ ਦਾ ਡੇਰਾ, ਵੱਡੇ ਹਾਦਸਿਆਂ ਨੂੰ ਸੱਦਾ
Publish Date: Mon, 23 Nov 2026 05:37 PM (IST)
Updated Date: Mon, 23 Nov 2026 05:37 PM (IST)
ਬੀਤੇ ਦਿਨੀਂ ਭਿੜੇ ਦੋ ਢੱਠਿਆਂ ਨੇ ਕਈ ਵਾਹਨਾਂ ਦਾ ਕੀਤਾ ਸੀ ਨੁਕਸਾਨ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੰਗਲ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਤਾਜ਼ਾ ਤਸਵੀਰਾਂ ਨੰਗਲ ਦੇ ਮੁੱਖ ਫਲਾਈਓਵਰ ਤੇ ਚੁਰਾਹੇ ਦੀਆਂ ਹਨ, ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ’ਚ ਵਾਹਨ ਊਨਾ ਤੇ ਚੰਡੀਗੜ੍ਹ ਵੱਲ ਆਉਂਦੇ-ਜਾਂਦੇ ਹਨ। ਇਸ ਸੜਕ ਦੇ ਐਨ ਵਿਚਕਾਰ ਅਵਾਰਾ ਢੱਠੇ ਤੇ ਪਸ਼ੂ ਬੇਖ਼ੌਫ਼ ਖੜ੍ਹੇ ਰਹਿੰਦੇ ਹਨ, ਜੋ ਕਿਸੇ ਵੇਲੇ ਵੀ ਕਿਸੇ ਭਿਆਨਕ ਸੜਕ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ’ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਨੰਗਲ ਦੀ ਅੱਡਾ ਮਾਰਕੀਟ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ’ਚ ਦੋ ਅਵਾਰਾ ਢੱਠੇ ਆਪਸ ’ਚ ਭਿੜ ਗਏ ਸਨ। ਇਸ ਲੜਾਈ ਦੌਰਾਨ ਉਨ੍ਹਾਂ ਨੇ ਬਾਜ਼ਾਰ ’ਚ ਖੜ੍ਹੇ ਕਈ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ । ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਪੁੱਛਿਆ ਹੈ ਕਿ ਕੀ ਅਧਿਕਾਰੀ ਕਿਸੇ ਵੱਡੇ ਜਾਨੀ ਨੁਕਸਾਨ ਦਾ ਇੰਤਜ਼ਾਰ ਕਰ ਰਹੇ ਹਨ? ਲੋਕਾਂ ਨੇ ਨਗਰ ਕੌਂਸਲ ਤੇ ਸਥਾਨਕ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਤੁਰੰਤ ਸੜਕਾਂ ਤੋਂ ਹਟਾਇਆ ਜਾਵੇ ਤੇ ਕਿਸੇ ਸੁਰੱਖਿਅਤ ਥਾਂ ਜਾਂ ਗਊਸ਼ਾਲਾ ’ਚ ਭੇਜਿਆ ਜਾਵੇ, ਤਾਂ ਜੋ ਰਾਹਗੀਰ ਬਿਨਾਂ ਕਿਸੇ ਡਰ ਦੇ ਸਫ਼ਰ ਕਰ ਸਕਣ।