ਐਡਵੋਕੇਟ ਮਹਿੰਦਰ ਭਲਿਆਣ ਵੱਲੋਂ ਸਕੂਲ ਅਧਿਆਪਕਾਂ ਦਾ ਸਨਮਾਨ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਵੱਲੋਂ ਸਕੂਲ ਅਧਿਆਪਕਾਂ ਦਾ ਸਨਮਾਨ
Publish Date: Sun, 22 Nov 2026 06:48 PM (IST)
Updated Date: Sun, 22 Nov 2026 06:49 PM (IST)
ਵਿਦਿਆਰਥੀਆਂ ਨੂੰ ਮਿਹਨਤ ਤੇ ਸਦਾਚਾਰ ਦਾ ਦਿੱਤਾ ਸੰਦੇਸ਼ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਉੱਘੇ ਸਮਾਜ ਸੇਵੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਮਾਸਟਰ ਅਥਲੀਟ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਵੱਲੋਂ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਸਨਮਾਨਿਤ ਕਰਨ ਦੀ ਰਵਾਇਤ ਨੂੰ ਅੱਗੇ ਵਧਾਉਂਦਿਆਂ ਅੱਜ ਵਿਸ਼ੇਸ਼ ਉਪਰਾਲੇ ਤਹਿਤ ਪ੍ਰਾਇਮਰੀ ਤੇ ਹਾਈ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਕੂਲ ਪਹੁੰਚ ਕੇ ਅਧਿਆਪਕਾਂ ਦੀ ਅਣਥੱਕ ਮਿਹਨਤ, ਸਮਰਪਣ ਤੇ ਸਿੱਖਿਆ ਪ੍ਰਤੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਸਨਮਾਨ ਭੇਟ ਕੀਤਾ। ਸਕੂਲ ਵਿਖੇ ਕਰਵਾਏ ਗਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਐਮ.ਪੀ. ਸਿੰਘ ਨੇ ਦੱਸਿਆ ਕਿ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਤੇ ਉੱਚੇ ਨੈਤਿਕ ਮੁੱਲਾਂ ਨੂੰ ਜੀਵਨ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਪਾਠ ਪੁਸਤਕਾਂ ਦਾ ਗਿਆਨ ਦੇਣ ਵਾਲਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਤੇ ਉਨ੍ਹਾਂ ਦੇ ਚਰਿੱਤਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਮਾਰਗਦਰਸ਼ਕ ਹੁੰਦਾ ਹੈ।ਉਨ੍ਹਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਆਦਰਸ਼ ਅਧਿਆਪਕ ਦੇ ਜੀਵਨ ਵਿੱਚ ਸੱਚਾਈ, ਸੰਤੋਖ, ਦਇਆ, ਨਿਮਰਤਾ, ਹਲੀਮੀ ਤੇ ਸੇਵਾ ਭਾਵਨਾ ਵਰਗੇ ਬਹੁਮੁੱਲੇ ਗੁਣਾਂ ਦਾ ਹੋਣਾ ਲਾਜ਼ਮੀ ਹੈ। ਅਧਿਆਪਕ ਦੇ ਵਿਹਾਰ, ਸੋਚ ਤੇ ਕਰਮ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ, ਇਸ ਲਈ ਅਧਿਆਪਕਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਪੂਰੀ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਜੀਵਨ ਵਿੱਚ ਸਫ਼ਲਤਾ ਹਾਸਲ ਕਰਨ ਲਈ ਮਿਹਨਤ, ਅਨੁਸ਼ਾਸਨ ਤੇ ਆਪਣੇ ਅਧਿਆਪਕਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਮੁਖੀ ਰਾਜਵਿੰਦਰ ਸਿੰਘ ਗਿੱਲ, ਸੈਂਟਰ ਹੈੱਡ ਟੀਚਰ ਕਮਲਜੀਤ ਕੌਰ, ਨਿਰਮਲ ਸਿੰਘ, ਜਸਵੀਰ ਸਿੰਘ, ਬਬੀਤਾ ਸ਼ਰਮਾ, ਰੁਪਿੰਦਰ ਕੌਰ, ਰਵਿੰਦਰ ਕੌਰ, ਮਿੰਨੀ ਸ਼ਰਮਾ, ਮਮਤਾ ਰਾਣੀ, ਇੰਦਰਜੀਤ ਸਿੰਘ, ਮਨਜੀਤ ਕੌਰ, ਦਲਜੀਤ ਕੌਰ ਤੇ ਇੰਦਰਜੀਤ ਜਨਾਗਲ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮਾਸਟਰ ਐਮ.ਪੀ. ਸਿੰਘ ਵੱਲੋਂ ਐਡਵੋਕੇਟ ਮਹਿੰਦਰ ਸਿੰਘ ਭਲਿਆਣ ਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।