ਸ਼ਹੀਦ ਭਾਈ ਸਾਹਿਬ ਸਿੰਘ ਜੀ ਦਾ 351ਵਾਂ ਜਨਮ ਦਿਹਾੜਾ ਮਨਾਇਆ ਸ਼ਹੀਦ ਭਾਈ ਸਾਹਿਬ ਸਿੰਘ ਜੀ ਦਾ 351ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ
Publish Date: Sun, 22 Nov 2026 06:47 PM (IST)
Updated Date: Sun, 22 Nov 2026 06:49 PM (IST)
ਕੀਰਤਨ ਦਰਬਾਰ ਤੇ ਮੁਫ਼ਤ ਮੈਡੀਕਲ ਕੈਂਪ ਲਾਇਆ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਗੁਰਦੁਆਰਾ ਸ਼ਹੀਦੀ ਅਸਥਾਨ ਭਾਈ ਸਾਹਿਬ ਸਿੰਘ ਜੀ, ਸੰਧੂਆਂ ਰੋਡ, ਸ੍ਰੀ ਚਮਕੌਰ ਸਾਹਿਬ ਵਿਖੇ ਅਮਰ ਸ਼ਹੀਦ ਪਿਆਰੇ ਭਾਈ ਸਾਹਿਬ ਸਿੰਘ ਜੀ ਦਾ 351ਵਾਂ ਸਾਲਾਨਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਸੰਤ ਮਹਾਂਪੁਰਸ਼ਾਂ ਤੇ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਸਮਾਗਮ ਦੌਰਾਨ ਹਜ਼ੂਰੀ ਰਾਗੀ ਬੀਬੀ ਮਨਜੀਤ ਕੌਰ, ਸੰਤ ਬਾਬਾ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਸ੍ਰੀ ਜੋਤੀ ਸਰੂਪ ਸਾਹਿਬ ਵਾਲੇ, ਸੰਤ ਬਾਬਾ ਮਨਜੀਤ ਸਿੰਘ ਛੰਨਾ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਗੁਰਦੀਪ ਸਿੰਘ ਬਾਰਨ ਵਾਲੇ ਤੇ ਭਾਈ ਸੁਖਚੈਨ ਸਿੰਘ ਮੰਡੇਰਾਂ ਖਮਾਣੋਂ ਵਾਲਿਆਂ ਨੇ ਗੁਰਬਾਣੀ ਕੀਰਤਨ ਤੇ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਸਮੁੱਚਾ ਮਾਹੌਲ ਗੁਰਬਾਣੀ ਦੀਆਂ ਰਸਭਿੰਨੀਆਂ ਧੁਨਾਂ ਤੇ ਰੂਹਾਨੀ ਵਿਚਾਰਾਂ ਨਾਲ ਸ਼ਰਧਾਮਈ ਬਣਿਆ ਰਿਹਾ। ਇਸ ਮੌਕੇ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਤੇ ਨੌਲੱਖਾ ਆਯੁਰਵੈਦਿਕ ਦਵਾਖਾਨਾ ਸ੍ਰੀ ਚਮਕੌਰ ਸਾਹਿਬ ਵੱਲੋਂ 128ਵਾਂ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ। ਕੈਂਪ ਦਾ ਉਦਘਾਟਨ ਜਸਵੀਰ ਸਿੰਘ ਗੜ੍ਹੀ, ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਵੱਲੋਂ ਕੀਤਾ ਗਿਆ। ਕੈਂਪ ਦੌਰਾਨ ਡਾਕਟਰ ਰਾਜਪਾਲ ਸਿੰਘ ਚੌਧਰੀ ਚਮਕੌਰ ਤੇ ਉਪਵੈਦ ਗਿਆਨੀ ਸਤਨਾਮ ਸਿੰਘ ਚਮਕੌਰ ਸਾਹਿਬ ਵੱਲੋਂ 33 ਮਰੀਜ਼ਾਂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਬੀਬੀ ਅਮਨਪ੍ਰੀਤ ਕੌਰ ਮੋਰਿੰਡਾ, ਸਕੱਤਰ ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ, ਸਾਬਕਾ ਸਰਪੰਚ ਰਾਜਿੰਦਰ ਸਿੰਘ ਰਸੀਦਪੁਰ ਤੇ ਜ਼ਿਲ੍ਹਾ ਰੂਪਨਗਰ ਦੇ ਇੰਚਾਰਜ ਮਾਸਟਰ ਮਨਜਿੰਦਰ ਸਿੰਘ ਪਰੋਜਪੁਰ ਨੇ ਕੈਂਪ ’ਚ ਹਾਜ਼ਰੀ ਭਰਦਿਆਂ ਸਹਿਯੋਗ ਦਿੱਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ ਤੇ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਵੀ ਹਾਜ਼ਰ ਸਨ। ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਸਿਰਥਲੇ ਵਾਲਿਆਂ ਨੇ ਸਮਾਗਮ ’ਚ ਪਹੁੰਚੀਆਂ ਸੰਗਤਾਂ, ਸੰਤ ਮਹਾਂਪੁਰਸ਼ਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੇ ਜੀਵਨ, ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਗੁਰਬਾਣੀ ਦੇ ਉਪਦੇਸ਼ਾਂ ਨੂੰ ਯਾਦ ਕਰਨਾ ਸਾਡਾ ਨੈਤਿਕ ਫਰਜ਼ ਹੈ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।