ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਜਾਇਆ ਨਗਰ ਕੀਰਤਨ
Publish Date: Sun, 22 Nov 2026 06:32 PM (IST)
Updated Date: Sun, 22 Nov 2026 06:34 PM (IST)
ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਲ ਹੋਈਆਂ ਸੰਗਤਾਂ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਘਾਟ ਸਾਹਿਬ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਨੀਵਾਰ ਸ਼ਾਮ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮਹੱਲਾ ਪੁਰਾਣਾ ਗੁਰਦੁਆਰਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਤੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਨਗਰ ਕੀਰਤਨ ’ਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਨੇ ਸ਼ਰਧਾ ’ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਫੁੱਲਾਂ ਨਾਲ ਸਜਾਈ ਵਿਸ਼ੇਸ਼ ਪਾਲਕੀ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀ ਸੀ। ਨਗਰ ਕੀਰਤਨ ਦੇ ਅੱਗੇ ਸਿੱਖ ਨੌਜਵਾਨ ਸਭਾਵਾਂ ਦੀਆਂ ਗਤਕਾ ਟੀਮਾਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ, ਜਿਨ੍ਹਾਂ ਨੂੰ ਰਸਤੇ ’ਚ ਵੱਖ-ਵੱਖ ਬਾਜ਼ਾਰਾਂ ਤੇ ਥਾਵਾਂ ’ਤੇ ਖੜ੍ਹੀਆਂ ਸੰਗਤਾਂ ਨੇ ਸ਼ਰਧਾ ’ਤੇ ਉਤਸ਼ਾਹ ਨਾਲ ਨਗਰ ਕੀਰਤਨ ਦੇ ਦਰਸ਼ਨ ਕੀਤੇ । ਨਗਰ ਕੀਰਤਨ ਦੌਰਾਨ ਗੁਰਬਾਣੀ ਦੇ ਜਾਪ ਨਾਲ ਸਮੁੱਚਾ ਮਾਹੌਲ ਰੂਹਾਨੀ ਰੰਗ ’ਚ ਰੰਗਿਆ ਰਿਹਾ। ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਨਗਰ ਕੀਰਤਨ ’ਚ ਸ਼ਾਮਲ ਸ਼ਰਧਾਲੂਆਂ ਲਈ ਪ੍ਰਸ਼ਾਦ ਤੇ ਹੋਰ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ। ਨਗਰ ਕੀਰਤਨ ਮਹੱਲਾ ਪੁਰਾਣਾ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਮੇਨ ਮਾਰਕੀਟ, ਮਹਾਂਵੀਰ ਮਾਰਕੀਟ, ਅੱਡਾ ਮਾਰਕੀਟ ਤੇ ਸਟਾਫ਼ ਕਲੱਬ ਚੌਕ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਨੰਗਲ ਦੇ ਪ੍ਰਧਾਨ ਠੇਕੇਦਾਰ ਰਜਿੰਦਰ ਸਿੰਘ, ਜਸਪਾਲ ਸਿੰਘ, ਬਲਵੀਰ ਸਿੰਘ ਸੈਣੀ, ਵੀਰਿੰਦਰ ਸਿੰਘ ਸੂਰੀ, ਪਰਮਿੰਦਰ ਸਿੰਘ ਕੋਹਲੀ, ਜਰਨੈਲ ਸਿੰਘ ਸੰਧੂ, ਗੁਰਮੇਲ ਸਿੰਘ, ਗੁਰਨਾਮ ਸਿੰਘ, ਇੰਦਰਪਾਲ ਸਿੰਘ ਮੈਦਾਨ, ਅਵਤਾਰ ਸਿੰਘ ਤਾਰੀ, ਹਰਪਾਲ ਸਿੰਘ, ਕੇਹਰ ਸਿੰਘ ਮਾਂਗੇਵਾਲ, ਬਲਜੀਤ ਸਿੰਘ, ਕਪੂਰ ਸਿੰਘ, ਰਾਜੇਸ਼ ਸ਼ਰਮਾ, ਸੰਜੀਵ ਸ਼ਰਮਾ, ਹਾਜ਼ਰ ਸਨ।