ਭਾਜਪਾ ਦੀ ‘ਸਮਰਸਤਾ ਸੰਕਲਪ ਯਾਤਰਾ’ ਦਾ ਮੋਰਿੰਡਾ ਪੁੱਜਣ ’ਤੇ ਨਿੱਘਾ ਸਵਾਗਤ ਭਾਜਪਾ ਦੀ 'ਸਮਰਸਤਾ ਸੰਕਲਪ ਯਾਤਰਾ' ਦਾ ਮੋਰਿੰਡਾ ਪੁੱਜਣ 'ਤੇ ਨਿੱਘਾ ਸਵਾਗਤ
Publish Date: Sun, 22 Nov 2026 05:57 PM (IST)
Updated Date: Sun, 22 Nov 2026 05:58 PM (IST)
ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ ਨੇ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਟੇਕਿਆ ਮੱਥਾ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ : ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਰੰਭੀ ਗਈ ‘ਸਮਰਸਤਾ ਸੰਕਲਪ ਯਾਤਰਾ’ ਲੁਧਿਆਣਾ ਤੋਂ ਹੁੰਦੀ ਹੋਈ ਅੱਜ ਮੋਰਿੰਡਾ ਵਿਖੇ ਪੁੱਜੀ, ਜਿੱਥੇ ਸੰਗਤਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਯਾਤਰਾ ਦਾ ਭਰਵਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ’ਚ ਸ਼ਾਮਲ ਕੇਂਦਰੀ ਮੰਤਰੀ ਡਾ. ਵਰਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਕਲਪ ਯਾਤਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਫ਼ਲਸਫ਼ੇ ਤੇ ਮਹਾਨ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਰਾਹੀਂ ਸਮਾਜ ’ਚੋਂ ਜਾਤ-ਪਾਤ, ਊਚ-ਨੀਚ ਤੇ ਭੇਦਭਾਵ ਨੂੰ ਖ਼ਤਮ ਕਰਕੇ ਬਰਾਬਰਤਾ, ਭਾਈਚਾਰੇ, ਮਨੁੱਖਤਾ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਕੇਂਦਰੀ ਮੰਤਰੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਤੇ ਸਥਿਤ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਲੁਧਿਆਣਾ ਤੋਂ ਆਈ ਇਸ ਯਾਤਰਾ ’ਚ ਕੇਂਦਰੀ ਮੰਤਰੀ ਦੇ ਨਾਲ ਐੱਮ.ਪੀ. ਤੇ ਭਾਜਪਾ ਐੱਸ.ਸੀ. ਮੋਰਚਾ ਦੇ ਕੌਮੀ ਪ੍ਰਧਾਨ ਸ਼ਿਵੇਸ਼ ਕੁਮਾਰ, ਯਾਤਰਾ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਕੁੰਵਰ ਵਿਜੇ ਪ੍ਰਤਾਪ ਸਿੰਘ, ਸੁਖਵਿੰਦਰ ਸਿੰਘ ਬਿੰਦਰਾ, ਸਾਬਕਾ ਆਈ.ਏ.ਐਸ. ਸੁੱਚਾ ਸਿੰਘ ਲੱਧੜ ਤੇ ਐਸ.ਸੀ. ਵਿੰਗ ਦੀ ਕੋਆਰਡੀਨੇਟਰ ਬੀਬੀ ਅਮਨਪ੍ਰੀਤ ਕੌਰ ਰਾਏ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਮੋਰਿੰਡਾ ਪੁੱਜਣ ’ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਜ਼ਿਲ੍ਹਾ ਰੂਪਨਗਰ ਦੇ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਤੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਤਰ ਹੋਈਆਂ ਸੰਗਤਾਂ ਤੇ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਉਪਰੰਤ ਇਹ ਯਾਤਰਾ ਮੋਹਾਲੀ ਲਈ ਰਵਾਨਾ ਹੋ ਗਈ। ਮੌਕੇ ਮਰਿੰਡਾ ਪੁਲਿਸ ਵੱਲੋਂ ਐਸ ਐਚ ਓ ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਤੇ ਟਰੈਫਿਕ ਦੇ ਸਖਤ ਪ੍ਰਬੰਧ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਅੰਜੂ ਬਾਲਾ ਸਿੰਘ, ਹਰਸ਼ ਕੋਹਲੀ, ਸੰਜੀਵ ਸੂਦ, ਕਰਮਜੀਤ ਸਿੰਘ ਭੰਗੂ, ਕੁਲਦੀਪ ਸਿੰਘ, ਜਗਦੀਪ ਸਿੰਘ ਦੀਪਾ, ਦਲਜੀਤ ਸਿੰਘ ਬਿੱਟੂ, ਹਰਨੇਕ ਸਿੰਘ ਤੇ ਸੁਖਪਾਲ ਸਿੰਘ ਸੇਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।