ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ : ਦਲਜੀਤ ਰਾਣਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡ ਗਰਾਊਂਡਾਂ ਨਾਲ ਜੋੜਨਾ ਸਮੇਂ ਦੀ ਲੋੜ: ਦਲਜੀਤ ਸਿੰਘ ਰਾਣਾ
Publish Date: Sun, 22 Nov 2026 05:35 PM (IST)
Updated Date: Sun, 22 Nov 2026 05:37 PM (IST)
ਸਰਕਾਰ ਖੇਡ ਗਰਾਉਂਡਾਂ ਦੇ ਨਾਲ-ਨਾਲ ਖੇਡ ਕੋਚ ਤੇ ਖੇਡਾਂ ਦਾ ਸਮਾਨ ਵੀ ਮੁਹੱਈਆ ਕਰਵਾਏ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਜੇਕਰ ਆਪਣੇ ਨੌਜਵਾਨ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹੋਏ ਖੇਡ ਗਰਾਊਂਡਾਂ ਨਾਲ ਜੋੜਨਾ ਪਵੇਗਾ, ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੋਵੇਗਾ ਤੇ ਉਹ ਨਸ਼ਿਆਂ ਤੋਂ ਕੋਹਾਂ ਦੂਰ ਰਹਿਣਗੇ। ਇਸ ਗੱਲ ਦਾ ਪ੍ਰਗਟਾਵਾ ਸੇਵਾ ਮੁਕਤ ਡੀਆਈਜੀ ਦਲਜੀਤ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਪੰਜਾਬ ਪਹਿਲਾਂ ਹਰ ਪੱਖੋਂ ਖੁਸ਼ਹਾਲ ਸੀ ਖੇਡਾਂ ’ਚ ਵੀ ਪੰਜਾਬ ਦੀ ਤੂਤੀ ਬੋਲਦੀ ਸੀ, ਪਰ ਮੌਜੂਦਾ ਸਮੇਂ ’ਚ ਪੰਜਾਬ ਖੇਡਾਂ ’ਚ ਹੋਰ ਸੂਬਿਆਂ ਦੇ ਮੁਕਾਬਲੇ ਕਾਫੀ ਪਛੜ ਚੁੱਕਾ ਹੈ। ਜਿਸ ਦਾ ਮੁੱਖ ਕਾਰਨ ਵੱਖ-ਵੱਖ ਖੇਡਾਂ ਲਈ ਹੇਠਲੇ ਪੱਧਰ ’ਤੇ ਕੋਚਾਂ ਦੀ ਘਾਟ, ਸਰਕਾਰ ਵੱਲੋਂ ਵੱਡੀ ਪੱਧਰ ’ਤੇ ਖੇਡਾਂ ਦਾ ਸਮਾਨ ਮੁਹਈਆ ਨਾ ਕਰਵਾਉਣਾ, ਸ਼ਰੀਰਕ ਸਿੱਖਿਆ ਦੇ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਨਾ ਬਣਾਉਣਾ ਤੇ ਬੱਚਿਆਂ ਦੇ ਮਾਤਾ ਪਿਤਾ ਦੀ ਆਰਥਿਕ ਕਮਜ਼ੋਰੀ, ਸਰਕਾਰੀ ਨੌਕਰੀਆਂ ਦੀ ਘਾਟ ਤੇ ਵਧ ਰਿਹਾ ਨਸ਼ਿਆਂ ਦਾ ਰੁਝਾਨ ਜਿੰਮੇਵਾਰ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਰਨ ਹਨ। ਉਨ੍ਹਾਂ ਕਿਹਾ ਕਿ ਉਹ ਆਪ ਜਦੋਂ ਜੈਵਲਿਨ ਥਰੋਅ ਦੀ ਖੇਡ ਨਾਲ ਜੁੜੇ ਸਨ ਤਾਂ ਉਨ੍ਹਾਂ ਨੂੰ ਕੋਚਿੰਗ ਲੈਣ ਲਈ ਆਪਣੇ ਜ਼ਿਲ੍ਹੇ ਤੋਂ ਬਾਹਰ ਦੂਸਰੇ ਜਿਲਿਆਂ ’ਚ ਜਾਣਾ ਪਿਆ ਸੀ। ਉਨ੍ਹਾਂ ਨੂੰ ਆਪ ਅੰਤਰਰਾਸ਼ਟਰੀ ਪੱਧਰ ਤੱਕ ਪੁੱਜਣ ਲਈ ਬਹੁਤ ਹੀ ਸੰਘਰਸ਼ ਕਰਨਾ ਪਿਆ। ਇਸ ਕਰਕੇ ਉਹ ਖਿਡਾਰੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਉਹ ਪਿੰਡਾਂ ’ਚ ਲੋਕਾਂ ਨਾਲ ਜਾ ਕੇ ਜਦੋਂ ਮਿਲਦੇ ਹਨ ਤਾਂ ਉਹ ਲੋਕਾਂ ਨੂੰ ਇਹ ਸਲਾਹ ਜਰੂਰ ਦਿੰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਦੇਣ ਨਾ ਨਾਲ ਖੇਡਾਂ ਵੱਲ ਵੀ ਪ੍ਰੇਰਤ ਕਰਨ ਤੇ ਖੇਡ ਗਰਾਊਂਡਾਂ ਨਾਲ ਜੋੜਨ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਦੇ ਲੋਕਾਂ ਨੇ ਉਨਾਂ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਉਹ ਪਹਿਲ ਦੇ ਆਧਾਰ ਉੱਪਰ ਖੇਡਾਂ ਦਾ ਮਿਆਰ ਉੱਚਾ ਚੁੱਕਣ ਲਈ ਯੋਗ ਉਪਰਾਲੇ ਕਰਨਗੇ। ਪੰਜਾਬ ਤੇ ਆਪਣੇ ਹਲਕੇ ’ਚ ਵੱਖ-ਵੱਖ ਥਾਵਾਂ ’ਤੇ ਵਧੀਆ ਖੇਡ ਗਰਾਊਂਡਾਂ ਤੋਂ ਇਲਾਵਾ ਖਿਡਾਰੀਆਂ ਨੂੰ ਵਧੀਆ ਕਿਸਮ ਦਾ ਖੇਡ ਸਮਾਨ ਮੁਹਈਆ ਕਰਵਾਇਆ ਜਾਵੇਗਾ, ਛੋਟੇ ਛੋਟੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਦੀ ਕੋਚਿੰਗ ਲਈ ਵੱਖ-ਵੱਖ ਖੇਡਾਂ ਦੇ ਕੋਚ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਕੋਚਾਂ ਤੋਂ ਕੋਚਿੰਗ ਵੀ ਦਵਾਈ ਜਾਵੇਗੀ। ਬੇਸ਼ੱਕ ਸਰਕਾਰ ਵੱਲੋਂ ਕੁਝ ਪਿੰਡਾਂ ’ਚ ਖੇਡ ਸਟੇਡੀਅਮ ਦਾ ਨਿਰਮਾਣ ਕਰਵਾਇਆ ਗਿਆ ਹੈ, ਪਰ ਇਨ੍ਹਾਂ ਖੇਡ ਸਟੇਡੀਅਮਾਂ ’ਚ ਖੇਡਣ ਵਾਲੇ ਬੱਚਿਆਂ ਲਈ ਯੋਗ ਕੋਚਾਂ ਦੀ ਬਹੁਤ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਕੁਸ਼ਲ ਖਿਡਾਰੀ ਬਣਾਉਣਾ ਹੈ ਤਾਂ ਇੱਕ ਕੋਚ ਦਾ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰਜਿੰਦਰ ਸਿੰਘ ਰਾਣਾ, ਕੈਪਟਨ ਬਹਾਦਰ ਸਿੰਘ, ਕੁਲਦੀਪ ਸਿੰਘ, ਮਨਿੰਦਰਜੀਤ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਉੱਪਰਲਾ ਦਬੂੜ, ਬੀਰੂ ਸਿੰਘ ਰਾਣਾ ਆਦ ਹਾਜ਼ਰ ਸਨ।