ਨਾਜਾਇਜ਼ ਮਾਈਨਿੰਗ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ, ਚਾਰ ਟਿੱਪਰ ਜ਼ਬਤ ਨਜਾਇਜ਼ ਮਾਈਨਿੰਗ ਖਿਲਾਫ ਸਰਹੱਦੀ ਇਲਾਕੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਚਾਰ ਟਿੱਪਰ ਜ਼ਬਤ
Publish Date: Sun, 22 Nov 2026 05:21 PM (IST)
Updated Date: Sun, 22 Nov 2026 05:22 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ,ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪੰਜਾਬ ਹਿਮਾਚਲ ਪ੍ਰਦੇਸ਼ ਸੀਮਾ ’ਤੇ ਸਥਿਤ ਖੱਡਾਂ ’ਚ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੇਰ ਰਾਤ ਨਜਾਇਜ਼ ਮਾਈਨਿੰਗ ਕਰਦੇ ਹੋਏ ਚਾਰ ਟਿੱਪਰਾਂ ਤੇ ਉਨ੍ਹਾਂ ਦੇ ਚਾਲਕਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ 20 ਤੇ 21 ਨਵੰਬਰ 2026 ਦੀ ਦਰਮਿਆਨੀ ਰਾਤ ਨੂੰ ਪੁਲਿਸ ਚੌਕੀ ਜੋਗੋਂ ਦੀ ਟੀਮ ਨੇ ਗਸ਼ਤ ਤੇ ਨਾਕਾਬੰਦੀ ਦੌਰਾਨ ਰਾਮਪੁਰ ਨਦੀ ਤੇ ਸੋਬਨ ਮਾਜਰਾ ਇਲਾਕੇ ’ਚ ਵਾਹਨਾਂ ਦੀ ਜਾਂਚ ਕੀਤੀ। ਇਸ ਦੌਰਾਨ ਰਾਮਪੁਰ ਨਦੀ ਨੇੜੇ ਤਿੰਨ ਟਿੱਪਰ ਐਂਚ ਪੀ 12 ਟੀ-7527, ਐੱਚਆਰ 68 ਸੀ-2259 ਤੇ ਐੱਚ ਪੀ 12 ਐੱਨ-4841 ਖਣਨ ਸਮੱਗਰੀ ਨਾਲ ਭਰੇ ਹੋਏ ਮਿਲੇ। ਜਦਕਿ ਸੋਬਨ ਮਾਜਰਾ ਨੇੜੇ ਇੱਕ ਹੋਰ ਟਿੱਪਰ ਨੰਬਰ ਐੱਚ ਪੀ 93 ਏ-6156 ਬਜਰੀ ਤੇ ਪੱਥਰ ਨਾਲ ਭਰਿਆ ਹੋਇਆ ਫੜਿਆ ਗਿਆ। ਜਾਂਚ ਦੌਰਾਨ ਚਾਰਾਂ ਟਿੱਪਰਾਂ ਦੇ ਚਾਲਕ ਖਣਿਜ ਪਦਾਰਥਾਂ ਦੀ ਢੋਆ-ਢੁਆਈ ਸਬੰਧੀ ਕੋਈ ਵੀ ਕਾਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਿਸ ਨੇ ਚਾਰਾਂ ਚਾਲਕਾਂ ਦੀ ਪਛਾਣ ਹੈਪੀ ਪੁੱਤਰ ਬੱਗਾ ਰਾਮ, ਰਣਜੀਤ ਸਿੰਘ ਪੁੱਤਰ ਮਾਨ ਸਿੰਘ, ਚੇਤ ਰਾਮ ਪੁੱਤਰ ਸ਼ੀਤਾ ਰਾਮ ਤੇ ਹਰਮਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਜੋਂ ਕੀਤੀ ਹੈ। ਇਹ ਸਾਰੇ ਨਾਲਾਗੜ੍ਹ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ। ਪੁਲਿਸ ਨੇ ਚਾਰਾਂ ਟਿੱਪਰਾਂ ਨੂੰ ਕਬਜ਼ੇ ’ਚ ਲੈ ਕੇ ਹਿਮਾਚਲ ਪ੍ਰਦੇਸ਼ ਮਾਈਨਿੰਗ ਐਕਟ ਤਹਿਤ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਲਾਕੇ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਭਵਿੱਖ ’ਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।