ਸ੍ਰੀਮਦ ਭਾਗਵਤ ਕਥਾ ’ਚ ਪੁੱਜੇ ਰਾਣਾ ਕੇ.ਪੀ. ਸਿੰਘ ਕੋਟਲਾ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਵਿੱਚ ਪਹੁੰਚੇ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ
Publish Date: Sun, 22 Nov 2026 05:07 PM (IST)
Updated Date: Sun, 22 Nov 2026 05:10 PM (IST)
ਧਾਰਮਿਕ ਸਮਾਗਮ ਮਨੁੱਖੀ ਵਿਚਾਰਾਂ ਤੇ ਆਚਰਨ ਨੂੰ ਕਰਦੇ ਹਨ ਸ਼ੁੱਧ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ਼੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕੋਟਲਾ ਪਾਵਰ ਹਾਊਸ ਵਿਖੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਆਸ਼ਰਮ ’ਚ ਆਸ਼ਰਮ ਸੰਚਾਲਨ ਕਮੇਟੀ ਵੱਲੋਂ ਸਥਾਨਕ ਸ਼ਰਧਾਲੂਆਂ ਦੇ ਸਹਿਯੋਗ ਨਾਲ ਬੀਤੀ 18 ਨਵੰਬਰ ਤੋਂ 24 ਨਵੰਬਰ ਤੱਕ ਸ੍ਰੀਮਦ ਭਾਗਵਤ ਕਥਾ ਮਹਾਯੱਗ ਕਰਵਾਇਆ ਜਾ ਰਿਹਾ ਹੈ। ਸ੍ਰੀਮਦ ਭਾਗਵਤ ਕਥਾ ਦੇ ਪੰਜਵੇਂ ਦਿਨ ਸੰਤ ਬਾਬਾ ਬਾਲ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਆਸ਼ਰਮ ਵਿਖੇ ਪਹੁੰਚ ਕੇ ਆਪਣੇ ਪ੍ਰਵਚਨਾਂ ਤੇ ਕੀਰਤਨ ਰਾਹੀਂ ਭਗਵਾਨ ਸ੍ਰੀ ਰਾਧਾ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਵੀ ਕਥਾ ’ਚ ਸ਼ਿਰਕਤ ਕੀਤੀ ਤੇ ਬਾਬਾ ਬਾਲ ਜੀ ਮਹਾਰਾਜ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਸਨਾਤਨ ਧਰਮ ਦੀ ਪ੍ਰਾਚੀਨ ਅਨਮੋਲ ਵਿਰਾਸਤ ਸਾਡੇ ਪਵਿੱਤਰ ਗ੍ਰੰਥਾਂ ਤੇ ਵੇਦਾਂ-ਪੁਰਾਣਾਂ ਦੀ ਰਚਨਾ ਕਰਨ ਤੇ ਉਨ੍ਹਾਂ ਨੂੰ ਸਾਂਭਣ ਦੇ ਨਾਲ-ਨਾਲ ਇਨ੍ਹਾਂ ਮਹਾਨ ਗ੍ਰੰਥਾਂ ਦੇ ਸੰਦੇਸ਼ ਤੇ ਗਿਆਨ ਨੂੰ ਸਮਾਜ ਦੇ ਲੋਕਾਂ ਤੱਕ ਪਹੁੰਚਾਉਣ ’ਚ ਸਾਡੇ ਸੰਤ ਮਹਾਂਪੁਰਸ਼ਾਂ ਦਾ ਬਹੁਮੁੱਲਾ ਯੋਗਦਾਨ ਰਿਹਾ ਹੈ। ਇਸੇ ਕਾਰਨ ਸੰਤ ਮਹਾਂਪੁਰਸ਼ਾਂ ਦਾ ਸਥਾਨ ਤੇ ਰੁਤਬਾ ਵੇਦਾਂ, ਪੁਰਾਣਾਂ ਤੇ ਗ੍ਰੰਥਾਂ ਤੋਂ ਵੀ ਉੱਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣ ਨਾਲ ਮਨੁੱਖ ਦੇ ਵਿਚਾਰਾਂ ਤੇ ਆਚਰਨ ’ਚ ਸ਼ੁੱਧਤਾ ਆਉਂਦੀ ਹੈ। ਵਿਅਕਤੀ ਨੂੰ ਸਨਾਤਨ ਧਰਮ ਤੇ ਇਸ ਦੀਆਂ ਬਹੁਮੁੱਲੀਆਂ ਪ੍ਰਾਚੀਨ ਪਰੰਪਰਾਵਾਂ ਨੂੰ ਜਾਣਨ ਤੇ ਉਨ੍ਹਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਲਈ ਮਾਪਿਆਂ ਨੂੰ ਵਿਸ਼ੇਸ਼ ਤੌਰ ’ਤੇ ਆਪਣੇ ਬੱਚਿਆਂ ਸਮੇਤ ਅਜਿਹੇ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਆਪਣੀ ਪ੍ਰਾਚੀਨ ਵਿਰਾਸਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਵਾਲੇ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਵਧਾਈ ਦੇ ਪਾਤਰ ਹਨ, ਜੋ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਨਾਲ-ਨਾਲ ਸਮਾਜ ਨੂੰ ਸਨਾਤਨ ਧਰਮ ਨਾਲ ਜੋੜਨ ਦੇ ਯਤਨ ਕਰ ਰਹੇ ਹਨ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਰਾਣਾ ਕੇ.ਪੀ. ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਕੋੜਾ, ਦਵਿੰਦਰ ਸੈਣੀ,ਮਨਿੰਦਰ ਸਿੰਘ ਸਾਹਿਬ, ਜਸਪਾਲ ਸਿੰਘ ਪਾਲੀ,ਗੌਰਵ ਸ਼ਰਮਾ, ਬਲਬੀਰ ਸਿੰਘ ਬਢਲ,ਸ਼ਾਮ ਠਾਕੁਰ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।