ਵਿਕਾਸ ਦੀ ਰਾਹ ’ਤੇ ਮਾਣਕੂਮਾਜਰਾ, ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਨੂੰ ਪਿਆ ਬੂਰ ਵਿਕਾਸ ਦੀ ਰਾਹ ’ਤੇ ਅੱਗੇ ਵਧ ਰਿਹਾ ਮਾਣਕੂਮਾਜਰਾ
Publish Date: Sun, 22 Nov 2026 04:27 PM (IST)
Updated Date: Sun, 22 Nov 2026 04:28 PM (IST)
ਇੰਟਰਲਾਕ ਟਾਈਲਾਂ, 32 ਸੋਲਰ ਲਾਈਟਾਂ ਤੇ ਨਾਲੇ ਦਾ ਨਿਰਮਾਣ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਪਿੰਡਾਂ ਦੀ ਤਰੱਕੀ ਦੀ ਅਸਲ ਤਸਵੀਰ ਉੱਥੋਂ ਦੀਆਂ ਗਲੀਆਂ, ਰੌਸ਼ਨ ਹੁੰਦੀਆਂ ਸੜਕਾਂ, ਸੁਚੱਜੇ ਨਿਕਾਸੀ ਪ੍ਰਬੰਧ ਤੇ ਲੋਕਾਂ ਨੂੰ ਮਿਲਣ ਵਾਲੀਆਂ ਸਾਂਝੀਆਂ ਸਹੂਲਤਾਂ ’ਚੋਂ ਝਲਕਦੀ ਹੈ। ਇਸੇ ਸੋਚ ਨੂੰ ਅਮਲੀ ਰੂਪ ਦਿੰਦਿਆਂ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਯਤਨਾਂ ਤੇ ਪਿੰਡ ਦੀ ਪੰਚਾਇਤ ਦੀ ਅਗਵਾਈ ਹੇਠ ਪਿੰਡ ਮਾਣਕੂਮਾਜਰਾ ’ਚ ਕਈ ਮਹੱਤਵਪੂਰਨ ਵਿਕਾਸ ਕਾਰਜ ਮੁਕੰਮਲ ਕਰਵਾਏ ਗਏ ਹਨ। ਇਨ੍ਹਾਂ ਕੰਮਾਂ ਨਾਲ ਨਾ ਸਿਰਫ਼ ਪਿੰਡ ਦੀ ਦਿੱਖ ’ਚ ਨਿਖਾਰ ਆਇਆ ਹੈ, ਸਗੋਂ ਲੋਕਾਂ ਦੀਆਂ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵੱਲ ਵੀ ਸਾਰਥਕ ਕਦਮ ਪੁੱਟੇ ਗਏ ਹਨ। ਪਿੰਡ ’ਚ 32 ਸੋਲਰ ਲਾਈਟਾਂ ਲਗਾਉਣ ਲਈ ਕਰੀਬ 6 ਲੱਖ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਲਾਈਟਾਂ ਨਾਲ ਪਿੰਡ ਦੀਆਂ ਗਲੀਆਂ ਤੇ ਹੋਰ ਸਾਂਝੀਆਂ ਥਾਵਾਂ ਨੂੰ ਰੌਸ਼ਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਰਾਤ ਦੇ ਹਨੇਰੇ ਨੂੰ ਦੂਰ ਕਰਦੀਆਂ ਇਹ ਲਾਈਟਾਂ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਵੱਲ ਇੱਕ ਅਹਿਮ ਕਦਮ ਹਨ। ਇਸੇ ਤਰ੍ਹਾਂ ਫੁੰਮਣ ਸਿੰਘ ਦੇ ਘਰ ਤੋਂ ਗੱਦੀਵਾਲ ਰੋਡ ਤੱਕ 22 ਫੁੱਟ ਚੌੜੀ ਗਲੀ ’ਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ, ਜਿਸ ਨਾਲ ਆਵਾਜਾਈ ਦੀ ਸਹੂਲਤ ’ਚ ਸੁਧਾਰ ਆਇਆ ਹੈ। ਇਸ ਤੋਂ ਇਲਾਵਾ ਕੈਪਟਨ ਗੁਰਮੀਤ ਸਿੰਘ ਦੇ ਘਰ ਤੋਂ ਪਿੰਡ ਦੀ ਫਿਰਨੀ ਤੱਕ ਗਲੀ ਦਾ ਨਿਰਮਾਣ ਕਾਰਜ ਵੀ ਮੁਕੰਮਲ ਕਰਵਾਇਆ ਗਿਆ ਹੈ। ਇਸ ਕੰਮ ਉੱਤੇ ਕਰੀਬ 4 ਲੱਖ ਰੁਪਏ ਦੀ ਲਾਗਤ ਆਈ ਹੈ। ਪਿੰਡ ਦੇ ਧਾਰਮਿਕ ਤੇ ਸਮਾਜਿਕ ਮਾਹੌਲ ਨਾਲ ਜੁੜੇ ਸ਼ਿਵ ਮੰਦਰ ਦੇ ਨਾਲ ਲੱਗਦੇ ਨਾਲੇ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ, ਜਿਸ ਉੱਤੇ ਲਗਭਗ 3 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਨਾਲ ਇਲਾਕੇ ’ਚ ਨਿਕਾਸੀ ਪ੍ਰਬੰਧ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ। ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਪਿੰਡਾਂ ’ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਨਾਲ ਮਾਣਕੂਮਾਜਰਾ ’ਚ ਵੀ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਹੁਣ ਪਿੰਡ ਵਾਸੀਆਂ ਦੀਆਂ ਨਜ਼ਰਾਂ ਟੋਭੇ ਤੇ ਪਾਰਕ ਦੇ ਪ੍ਰਸਤਾਵਿਤ ਕੰਮਾਂ ਦੀ ਮਨਜ਼ੂਰੀ ਤੇ ਸ਼ੁਰੂਆਤ ਉੱਤੇ ਟਿਕੀਆਂ ਹੋਈਆਂ ਹਨ।