ਗੁੰਡਾਗਰਦੀ ਵਿਰੁੱਧ ਇਕਜੁੱਟ ਜਥੇਬੰਦੀਆਂ ਨੇ ਮੌੜਾ ਟੋਲ ਪਲਾਜ਼ਾ ਅੱਧਾ ਘੰਟਾ ਕਰਵਾਇਆ ਫਰੀ ਗੁੰਡਾਗਰਦੀ ਵਿਰੁੱਧ ਇਕਜੁੱਟ ਹੋਈਆਂ ਜਥੇਬੰਦੀਆਂ ਨੇ ਮੌੜਾ ਟੋਲ ਪਲਾਜ਼ਾ ਅੱਧਾ ਘੰਟਾ ਕਰਵਾਇਆ ਫਰੀ
Publish Date: Sun, 22 Nov 2026 03:52 PM (IST)
Updated Date: Sun, 22 Nov 2026 03:55 PM (IST)
ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਨਾਲ ਬਦਤਮੀਜ਼ੀ ਪਈ ਭਾਰੀ, ਕਰਮਚਾਰੀ ਨੂੰ ਜਨਤਕ ਤੌਰ ’ਤੇ ਮੰਗਣੀ ਪਈ ਮੁਆਫ਼ੀ, ਟੋਲ ਪ੍ਰਬੰਧਕਾਂ ਨੇ ਕੀਤਾ ਬਰਖ਼ਾਸਤ ਪੰਜਾਬ ਦੀ ਧਰਤੀ ’ਤੇ ਕਿਸੇ ਕਿਸਮ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ: ਗੌਰਵ ਰਾਣਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਕੀਰਤਪੁਰ ਸਾਹਿਬ-ਮਨਾਲੀ ਕੌਮੀ ਮਾਰਗ ’ਤੇ ਸਥਿਤ ਮੌੜਾ ਟੋਲ ਪਲਾਜ਼ਾ ਵਿਖੇ ਰਾਹਗੀਰਾਂ ਨਾਲ ਕਥਿਤ ਬਦਤਮੀਜ਼ੀ ਤੇ ਹਿਮਾਚਲ ਟੈਕਸੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਰਤਨ ਸ਼ਰਮਾ ਨਾਲ ਹੋਈ ਬਦਸਲੂਕੀ ਦੇ ਵਿਰੋਧ ’ਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਕੱਠੇ ਹੋ ਕੇ ਕਰੀਬ ਅੱਧਾ ਘੰਟਾ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ। ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਟੋਲ ਮੁਲਾਜ਼ਮ ਵੱਲੋਂ ਰਾਮ ਰਤਨ ਸ਼ਰਮਾ ਨਾਲ ਬਦਤਮੀਜ਼ੀ ਕਰਨ ਦੇ ਨਾਲ ਉਨ੍ਹਾਂ ਦੀ ਵੀਡੀਓ ਵੀ ਜਬਰੀ ਡਿਲੀਟ ਕਰ ਦਿੱਤੀ ਗਈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਬਾਬਾ ਅੱਛਰ ਸਿੰਘ, ਮਹਾਕਾਲ ਪੰਜਾਬ ਮੋਰਚਾ ਦੇ ਕਨਵੀਨਰ ’ਤੇ ਪੰਜਾਬ ਸਾਂਝੀਵਾਲਤਾ ਦਲ ਦੇ ਆਗੂ ਗੌਰਵ ਰਾਣਾ, ਭਾਰਤੀ ਕਿਸਾਨ ਯੂਨੀਅਨ ਬਹਿਰਾਮਪੁਰ ਦੇ ਮੀਤ ਪ੍ਰਧਾਨ ਕਰਨਵੀਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਆਗੂ ਮੰਗਲ ਸਿੰਘ ਮਾਜਰਾ ਸੰਘਰਸ਼ ਕਮੇਟੀ ਦੇ ਗੁਰਦਿਆਲ ਸਿੰਘ, ਰੀਤੂ ਰਾਣੀ, ਸਤਨਾਮ ਕੌਰ ਤੇ ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਦੀਆਂ ਟੈਕਸੀ ਯੂਨੀਅਨਾਂ ਦੇ ਆਗੂ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ। ਕੀਰਤਪੁਰ ਸਾਹਿਬ ਤੇ ਭਰਤਗੜ੍ਹ ਪੁਲਿਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ। ਲੰਬੀ ਗੱਲਬਾਤ ਤੋਂ ਬਾਅਦ ਸਬੰਧਤ ਕਰਮਚਾਰੀ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਪਈ ਤੇ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲਿਆ। ਉੱਧਰ ਟੋਲ ਮੈਨੇਜਮੈਂਟ ਦੇ ਅਭਿਮਨਿਊ ਸ਼ਰਮਾ ਤੇ ਕੁਲਵੀਰ ਸਿੰਘ ਨੇ ਸਬੰਧਤ ਕਰਮਚਾਰੀ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਇਸ ਮੌਕੇ ਗੌਰਵ ਰਾਣਾ, ਬਾਬਾ ਅੱਛਰ ਸਿੰਘ, ਕਰਨਵੀਰ ਸਿੰਘ ਤੇ ਸੇਠੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ’ਤੇ ਸਥਾਨਕ ਮੀਡੀਆ ਕਰਮੀਆਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਸ਼ਨਾਖਤ ਦੇ ਆਧਾਰ ’ਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਲੰਘਣ ਦਿੱਤਾ ਜਾਵੇ। ਇਸ ਤੋਂ ਇਲਾਵਾ ਸਥਾਨਕ ਟੈਕਸੀ ਯੂਨੀਅਨ ਨਾਲ ਚੱਲ ਰਹੇ ਮਸਲੇ ਦੇ ਹੱਲ ਲਈ ਮੰਗਲਵਾਰ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਏਐੱਸਆਈ ਸੋਹਣ ਸਿੰਘ ਤੇ ਏਐੱਸਆਈ ਸਰਤਾਜ਼ ਸਿੰਘ ਪੁਲਿਸ ਪਾਰਟੀ ਸਮੇਤ ਮੌਜੂਦ ਰਹੇ। ਪੁਲਿਸ ਅਧਿਕਾਰੀਆਂ ਦੀ ਸੂਝ-ਬੂਝ ਨਾਲ ਵੱਡਾ ਟਕਰਾਅ ਟਲ ਗਿਆ।