ਮਾਈਨਿੰਗ ਮਾਫ਼ੀਆ ਖ਼ਿਲਾਫ਼ ਜਨਤਾ ਨੇ ਖੋਲ੍ਹਿਆ ਮੋਰਚਾ ਤਾਂ ਪ੍ਰਸ਼ਾਸਨ ਵੀ ਗੋਂਗਲੂਆਂ ਤੋਂ ਝਾੜਨ ਲੱਗਾ ਮਿੱਟੀ ਮਾਈਨਿੰਗ ਮਾਫੀਆ ਖਿਲਾਫ ਲੋਕ ਬੋਲਣ ਲੱਗੇ ਤਾਂ ਪ੍ਰਸ਼ਾਸਨ ਵੀ ਗੋਂਗਲੂਆਂ ਤੋਂ ਝਾੜਨ ਲੱਗਾ ਮਿੱਟੀ
Publish Date: Fri, 20 Nov 2026 05:53 PM (IST)
Updated Date: Fri, 20 Nov 2026 05:55 PM (IST)
ਦਿਖਾਵੇ ਦੀ ਐੱਫ.ਆਈ.ਆਰ. ਦਰਜ ਕਰਕੇ ਪ੍ਰਸ਼ਾਸਨ ਨੇ ਮਾਮਲਾ ਕੀਤਾ ਰਫਾ-ਦਫਾ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਨਾਜਾਇਜ਼ ਮਾਈਨਿੰਗ ਰੋਕਣ ’ਚ ਕਥਿਤ ਤੌਰ ’ਤੇ ਪ੍ਰਸ਼ਾਸਨ ਦੇ ਨਾਕਾਮ ਰਹਿਣ ਤੋਂ ਬਾਅਦ ਹੁਣ ਲੋਕਾਂ ਵੱਲੋਂ ਚਲਾਈਆ ਜਾ ਰਹੀਆਂ ਸ਼ੋਸ਼ਲ ਮੀਡੀਆ ’ਤੇ ਵੀਡੀਓ ’ਤੇ ਵੀ ਪ੍ਰਸ਼ਾਸਨ ਵੱਲੋਂ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਾਰਵਾਈ ਜਾਰੀ ਹੈ । ਬੀਤੇ ਕੱਲ ਇੱਕ ਵਿਅਕਤੀ ਵੱਲੋਂ ਖੇੜਾ ਕਲਮੋਟ ਦੀ ਕਰੈਸ਼ਰ ਦੀਆਂ ਹੈਰਾਨੀਜਨਕ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਪਾ ਦਿੱਤੀਆਂ। ਜਿੱਥੇ ਨਾ ਸਿਰਫ ਪਹਾੜ ਹੀ ਖਤਮ ਕਰ ਦਿੱਤੇ ਗਏ, ਸਗੋਂ ਜਮੀਨ ਨੂੰ ਵੀ ਇੰਨੀ ਡੁੰਘਾਈ ਤੱਕ ਪੁੱਟ ਦਿੱਤਾ ਗਿਆ ਕਿ ਉਸ ’ਚੋਂ ਪਾਣੀ ਦਾ ਟੋਭਾ ਬਣ ਗਿਆ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਸ ਕਰੈਸ਼ਰ ਮਾਲਕ ਨੇ ਇਸ ਤੋਂ ਪਹਿਲਾਂ ਵੀ ਕਥਿਤ ਤੌਰ ’ਤੇ ਕਈ ਪਹਾੜੀਆਂ ਨੂੰ ਖਤਮ ਕਰ ਦਿੱਤਾ ਹੈ ਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਜਗ੍ਹਾ ਦੇ ਨਾਲ ਲੱਗਦੇ ਕਥਿਤ ਤੌਰ ਤੇ ਕਰੈਸ਼ਰ ਮਾਲਕ ਨੇ ਅੱਧਾ ਖੇੜਾ ਕਲਮੋਟ ਹੀ ਮੁਕਾ ਦਿੱਤਾ ਹੈ ਤਾਂ ਕੋਈ ਅਤ ਕਥਨੀ ਨਹੀਂ ਹੋਵੇਗਾ। ਹੈਰਾਨੀ ਦੀ ਗੱਲ ਇਹ ਰਹੀ ਕਿ ਸਵੇਰ ਤੋਂ ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਦੀ ਪ੍ਰਸ਼ਾਸਨ ਨੂੰ ਭਣਕ ਦੇਰ ਰਾਤ ਲੱਗੀ ਜਾਂ ਇੰਝ ਕਹਿ ਲਈਏ ਕਿ ਸ਼ਾਮ ਤੱਕ ਮਾਮਲੇ ਨੂੰ ਸੁਲਝਾਉਣ ਦੀ ਕਰੈਸ਼ਰ ਮਾਲਕ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਕੋਈ ਸਿਰੇ ਨਾ ਲੱਗੀ ਤਾਂ ਅੰਤ ਰਾਤ ਨੂੰ ਮਾਈਨਿੰਗ ਵਿਭਾਗ ਦੇ ਉਪ ਮੰਡਲ ਅਫਸਰ ਨੰਗਲ, ਜਲ ਨਿਕਾਸ ਕੰਮ ਮਾਈਨਿੰਗ ਤੇ ਜੀਓਲੋਜੀ ਉਪ ਮੰਡਲ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਇੱਕ ਈਮੇਲ ਥਾਣਾ ਮੁੱਖੀ ਨੰਗਲ ਨੂੰ ਕਰ ਦਿੱਤੀ ਗਈ ਤੇ ਰਾਤ ਪੁਲਿਸ ਵੱਲੋਂ ਗੁਗਲ ਕੋਆਰਡੀਨੇਟਸ ਦੀ ਮਦਦ ਦੇ ਨਾਲ ਕੇਸ਼ਵ ਸਟੋਨ ਕਰੈਸ਼ਰ ਦੇ ਨਜਦੀਕ ਨਜਾਇਜ਼ ਮਾਈਨਿੰਗ ਲਈ ਵਰਤੀ ਗਈ ਮਸ਼ੀਨਰੀ ਤੇ ਸਬੰਧਤ ਜਮੀਨ ਮਾਲਕਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਦੇ ’ਚ ਲਿਆਂਦੀ ਗਈ। ਇਸ ਵਾਰ ਵੀ ਹੈਰਾਨੀ ਦੀ ਗੱਲ ਇਹ ਰਹੀ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੀ ਵੀਡੀਓ ’ਚ ਉਕਤ ਵਿਅਕਤੀ ਚੀਕ- ਚੀਕ ਕੇ ਕਰੈਸ਼ਰ ਦਾ ਨਾਮ ਲੈ ਰਿਹਾ ਸੀ, ਪਰ ਪੁਲਿਸ ਵਿਭਾਗ ਜਾਂ ਮਾਈਨਿੰਗ ਵਿਭਾਗ ਨੂੰ ਨਾ ਤਾਂ ਮਾਈਨਿੰਗ ਵਾਲੀ ਜਮੀਨ ਕ੍ਰੈਸ਼ਰ ਦੀ ਲੱਗੀ ਤੇ ਨਾ ਹੀ ਮਾਲਕ ਜਮੀਨ ਤੇ ਮਾਲਕ ਮਸ਼ੀਨਰੀ ਦਾ ਨਾਮ ਪਤਾ ਲੱਗ ਸਕਿਆ। ਫੜ੍ਹੀਆਂ ਗਈਆਂ ਮਸ਼ੀਨਾਂ ਦੀ ਲਾਈ ਜਾਂਦੀ ਹੈ ਬੋਲੀ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜੋ ਕਿ ਅਣਪਛਾਤੇ ਵਾਹਨਾਂ ਕਰੈਸ਼ਰਾ ਤੇ ਜ਼ਮੀਨਾਂ ’ਤੇ ਮੁਕੱਦਮੇ ਦਰਜ ਹੋਏ ਹਨ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮੁਕੱਦਮੇ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ । ਇਸ ਦੇ ਪਿੱਛੇ ਵੀ ਬਹੁਤ ਵੱਡਾ ਰਾਜ ਹੈ। ਸੂਤਰਾਂ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਫੜੀਆਂ ਗਈਆਂ ਮਸ਼ੀਨਾਂ ਦੀ ਬੋਲੀ ਲਗਾਈ ਜਾਂਦੀ ਹੈ ਤੇ ਜੇਕਰ ਕਰੈਸ਼ਰ ਮਾਲਕ ਜਾਂ ਜਿਸ ਮਾਲਕ ਦੀ ਮਸ਼ੀਨ ਹੁੰਦੀ ਹੈ ਉਹ ਵੱਧ ਪੈਸੇ ਦਿੰਦਾ ਹੈ ਤਾਂ ਇੰਨਕੁਆਰੀ ਦੇ ’ਚ ਮਾਮਲਾ ਰੱਦ ਕਰਕੇ ਮਸ਼ੀਨ ਵਾਪਸ ਕਰ ਦਿੱਤੀ ਜਾਂਦੀ ਹੈ ਤੇ ਇਹ ਬੋਲੀ ਪੰਜ ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਵੀ ਚਲੀ ਜਾਂਦੀ ਹੈ। ਮਸਲਾ ਇਹ ਹੈ ਕਿ ਕਿੰਨੀ ਮਸ਼ੀਨਰੀ ਹੈ ਤੇ ਕਿੰਨੀ ਵੱਡੀ ਜਮੀਨ ਹੈ। ਕੀ ਇਸ ਤੋਂ ਪਹਿਲਾਂ ਮਾਈਨਿੰਗ ਵਿਭਾਗ ਨੂੰ ਨਹੀਂ ਪਤਾ ਸੀ? ਲੋਕਾਂ ’ਚ ਇਸ ਗੱਲ ਦੀ ਚਰਚਾ ਹੈ ਕਿ ਵਿਭਾਗਾਂ ਵੱਲੋਂ ਆਪਣੇ ਰੋਜ਼ਨਾਮਚੇ ਤਿਆਰ ਕੀਤੇ ਗਏ ਹਨ ਤੇ ਉਹਨਾਂ ਰੋਜ਼ਨਾਮਚਿਆਂ ਦੇ ’ਚ ਰੋਜਾਨਾ ਇਹਨਾਂ ਇਲਾਕਿਆਂ ਦੀ ਗਸ਼ਤ ਤੇ ਦੌਰਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜੇਕਰ ਇਹਨਾਂ ਇਲਾਕਿਆਂ ਦੇ ’ਚ ਮਾਈਨਿੰਗ ਵਿਭਾਗ ਤੇ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾਂਦੀ ਹੈ ਤਾਂ ਕੀ ਪਹਾੜੀ ਨੂੰ ਖਤਮ ਕਰਕੇ ਜਮੀਨ ਨੂੰ ਪੁੱਟ ਕੇ ਬਣਾਏ ਗਏ ਇਸ ਤਲਾਬ ਦਾ ਕਦੇ ਵੀ ਮਾਈਨਿੰਗ ਵਿਭਾਗ ਜਾਂ ਪੁਲਿਸ ਨੂੰ ਪਤਾ ਨਹੀਂ ਲੱਗਿਆ। ਲੋਕਾਂ ’ਚ ਚਰਚਾ ਇਹ ਵੀ ਹੈ ਕਿ ਇਲਾਕੇ ਦੀ ਲੁੱਟ ਦੇ ’ਚ ਮਾਈਨਿੰਗ ਮਾਫ਼ੀਆ ਤਾਂ ਜਿੰਮੇਦਾਰ ਹੈ ਹੀ ,ਇਸ ਦੇ ਨਾਲ ਪੁਲਿਸ ਤੇ ਪ੍ਰਸ਼ਾਸਨ ਵੀ ਬਰਾਬਰ ਦੀ ਜਿੰਮੇਦਾਰ ਹੈ।