ਮੰਦਰਾਂ ਤੇ ਘਰਾਂ ’ਚ ਸ਼ਰਧਾ ਤੇ ਉਤਸ਼ਾਹ ਨਾਲ ਹੋਇਆ ਤੁਲਸੀ ਪੂਜਨ ਤੁਲਸੀ ਵਿਵਾਹ ਮੌਕੇ ਮੰਦਰਾਂ ਅਤੇ ਘਰਾਂ ਵਿੱਚ ਸ਼ਰਧਾ ’ਤੇ ਉਤਸ਼ਾਹ ਨਾਲ ਹੋਇਆ ਤੁਲਸੀ ਪੂਜਨ
Publish Date: Fri, 20 Nov 2026 05:25 PM (IST)
Updated Date: Fri, 20 Nov 2026 05:28 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਤੁਲਸੀ ਵਿਵਾਹ ਦੇ ਪਵਿੱਤਰ ਤਿਉਹਾਰ ਮੌਕੇ ਇਲਾਕੇ ਭਰ ਦੇ ਮੰਦਰਾਂ ਤੇ ਘਰਾਂ ’ਚ ਮਹਿਲਾਵਾਂ ਵੱਲੋਂ ਪੂਰੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਤੁਲਸੀ ਪੂਜਨ ਕੀਤਾ ਗਿਆ। ਇਸ ਮੌਕੇ ਮਹਿਲਾਵਾਂ ਨੇ ਸਵੇਰੇ ਇਸ਼ਨਾਨ ਕਰਨ ਉਪਰੰਤ ਸ਼ਰਧਾ ਭਾਵਨਾ ਨਾਲ ਤੁਲਸੀ ਮਾਤਾ ਦੀ ਪੂਜਾ-ਅਰਚਨਾ ਕੀਤੀ ਤੇ ਉਨ੍ਹਾਂ ਨੂੰ ਲਾਲ ਚੁੰਨਰੀ, ਸੁਹਾਗਣ ਦੇ ਸ਼ਿੰਗਾਰ ਦਾ ਸਮਾਨ, ਫੁੱਲ, ਫਲ ਤੇ ਹੋਰ ਪੂਜਾ ਸਮੱਗਰੀ ਭੇਟ ਕੀਤੀ। ਇਸ ਦੇ ਨਾਲ ਹੀ ਮਹਿਲਾਵਾਂ ਨੇ ਇਕੱਠੀਆਂ ਹੋ ਕੇ ਤੁਲਸੀ ਵਿਵਾਹ ਦੀ ਪਵਿੱਤਰ ਕਥਾ ਸੁਣੀ ਤੇ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਵਿਵਾਹ ਦਾ ਦਿਨ ਬੇਹੱਦ ਪਵਿੱਤਰ ਤੇ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਨ ਮਾਤਾ ਤੁਲਸੀ ਤੇ ਭਗਵਾਨ ਵਿਸ਼ਨੂੰ ਦੇ ਸ਼ਾਲੀਗ੍ਰਾਮ ਸਰੂਪ ਦੇ ਵਿਆਹ ਦੇ ਰੂਪ ’ਚ ਮਨਾਇਆ ਜਾਂਦਾ ਹੈ। ਹਿੰਦੂ ਧਰਮ ’ਚ ਤੁਲਸੀ ਦੇ ਪੌਦੇ ਨੂੰ ਮਾਤਾ ਲਕਸ਼ਮੀ ਦਾ ਸਰੂਪ ਤੇ ਭਗਵਾਨ ਵਿਸ਼ਨੂੰ ਨੂੰ ਅਤਿਅੰਤ ਪਿਆਰਾ ਮੰਨਿਆ ਗਿਆ ਹੈ। ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਤੁਲਸੀ ਵਿਵਾਹ ਕਰਵਾਉਣ ਤੇ ਪੂਜਾ ਕਰਨ ਨਾਲ ਘਰ ’ਚ ਸੁੱਖ-ਸਮ੍ਰਿੱਧੀ, ਖੁਸ਼ਹਾਲੀ ਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਪਵਿੱਤਰ ਦਿਹਾੜੇ ਦਾ ਧਾਰਮਿਕ ਮਹੱਤਵ ਇਹ ਵੀ ਹੈ ਕਿ ਤੁਲਸੀ ਵਿਵਾਹ ਨਾਲ ਦੇਵਉਠਨੀ ਇਕਾਦਸ਼ੀ ਤੋਂ ਬਾਅਦ ਹਿੰਦੂ ਧਰਮ ’ਚ ਵਿਆਹ-ਸ਼ਾਦੀਆਂ ਤੇ ਹੋਰ ਸ਼ੁਭ ਕਾਰਜਾਂ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਮਹਿਲਾਵਾਂ ਨੇ ਤੁਲਸੀ ਮਾਤਾ ਅੱਗੇ ਦੀਵੇ ਜਗਾ ਕੇ ਪਰਿਕਰਮਾ ਕੀਤੀ ਤੇ ਪਰਿਵਾਰ ਦੀਆਂ ਖੁਸ਼ੀਆਂ ਲਈ ਮੰਗਲ ਕਾਮਨਾ ਕੀਤੀ। ਇਸ ਦੌਰਾਨ ਮੰਦਰਾਂ ’ਚ ਭਗਤੀਮਈ ਮਾਹੌਲ ਬਣਿਆ ਰਿਹਾ ਤੇ ਭਜਨ-ਕੀਰਤਨ ਤੇ ਧਾਰਮਿਕ ਕਥਾਵਾਂ ਰਾਹੀਂ ਸੰਗਤ ਨੇ ਪ੍ਰਭੂ ਭਗਤੀ ਦਾ ਆਨੰਦ ਮਾਣਿਆ। ਤੁਲਸੀ ਵਿਵਾਹ ਦਾ ਇਹ ਤਿਉਹਾਰ ਜਿੱਥੇ ਧਾਰਮਿਕ ਆਸਥਾ ਦਾ ਪ੍ਰਤੀਕ ਹੈ, ਉੱਥੇ ਹੀ ਇਹ ਸਾਨੂੰ ਕੁਦਰਤ ਤੇ ਪੌਦਿਆਂ ਦੀ ਸੰਭਾਲ ਕਰਨ ਦਾ ਸੰਦੇਸ਼ ਵੀ ਦਿੰਦਾ ਹੈ।